ਹੁਸ਼ਿਆਰਪੁਰ : ਪੰਜਾਬ ‘ਚ ਧੁੰਦ ਦਾ ਕਹਿਰ ਵਧਦਾ ਜਾ ਰਿਹਾ ਹੈ, ਜਿਸ ਕਾਰਨ ਸੂਬੇ ‘ਚ ਹਰ ਰੋਜ਼ ਹਾਦਸੇ ਵਾਪਰ ਰਹੇ ਹਨ। ਤਾਜ਼ਾ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਸਵਾਰੀਆਂ ਨਾਲ ਭਰੀ ਬੱਸ ਅਤੇ ਟਰਾਲੇ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ‘ਚ ਚਾਰ ਲੋਕ ਗੰਭੀਰ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ ਹੈ। ਜਦੋਂਕਿ ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਜਲੰਧਰ ਹੁਸ਼ਿਆਰਪੁਰ ਰੋਡ ‘ਤੇ ਪੈਂਦੇ ਪਿੰਡ ਮੰਡਿਆਲਾ ਨੇੜੇ ਸਵਾਰੀਆਂ ਨਾਲ ਭਰੀ ਬੱਸ ਇਕ ਟਰਾਲੇ ਨਾਲ ਟਕਰਾ ਗਈ। ਹਾਦਸੇ ਤੋਂ ਬਾਅਦ ਤੜਕੇ ਹੀ ਸੜਕ ਵਿਚਕਾਰ ਹਾਹਾਕਾਰ ਮੱਚ ਗਈ। ਜਿਸ ਤੋਂ ਬਾਅਦ ਲੋਕਾਂ ਨੇ ਸੜਕ ਸੁਰੱਖਿਆ ਬਲ ਦੀ ਟੀਮ ਨੂੰ ਘਟਨਾ ਦੀ ਸੂਚਨਾ ਦਿੱਤੀ। ਇਸ ਹਾਦਸੇ ‘ਚ 4 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜਦੋਂਕਿ ਹਾਦਸੇ ਤੋਂ ਬਾਅਦ ਮੌਕੇ ‘ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸੜਕ ‘ਤੇ ਇਕੱਠੀ ਹੋਈ ਭੀੜ ਨੂੰ ਹਟਾ ਕੇ ਆਵਾਜਾਈ ਨੂੰ ਸਾਫ਼ ਕਰਵਾਇਆ।