ਸੰਗਰੂਰ, 5 ਅਗਸਤ
ਹਿਮਾਚਲ ਪ੍ਰਦੇਸ਼ ਵਿੱਚ ਹਾਲ ਹੀ ਵਿੱਚ ਭਾਰੀ ਮੀਂਹ ਪੈਣ ਕਾਰਨ ਕਈ ਥਾਵਾਂ ’ਤੇ ਸੜਕੀ ਆਵਾਜਾਈ ਬੰਦ ਹੋ ਗਈ ਹੈ, ਜਿਸ ਕਾਰਨ ਸੰਗਰੂਰ ਸਣੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਬਜ਼ੀਆਂ ਦੇ ਭਾਅ ਵਿੱਚ ਤੇਜ਼ੀ ਆ ਗਈ ਹੈ। ਅਜਿਹੇ ਵਿੱਚ ਟਮਾਟਰ ਦਾ ਭਾਅ ਪਹਿਲੀ ਵਾਰ 250-300 ਰੁਪਏ ਤੱਕ ਪੁੱਜ ਗਿਆ ਹੈ। ਸਬਜ਼ੀ ਮੰਡੀ ਦੇ ਆੜ੍ਹਤੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਫੌਰੀ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਸਬਜ਼ੀ ਵਿਕਰੇਤਾ ਜਸਵਿੰਦਰ ਸਿੰਘ ਨੇ ਆਖਿਆ ਕਿ ਪਿਛਲੇ ਕਈ ਦਿਨਾਂ ਤੋਂ ਸਥਾਨਕ ਸਬਜ਼ੀਆਂ ਮੰਡੀ ਵਿੱਚ ਆਉਣ ਕਾਰਨ ਸਬਜ਼ੀਆਂ ਦੇ ਭਾਅ ਕਾਫੀ ਘੱਟ ਸਨ ਪਰ ਜ਼ਿਆਦਾਤਰ ਸਬਜ਼ੀਆਂ ਹਿਮਾਚਲ ਪ੍ਰਦੇਸ਼ ’ਚੋਂ ਹੀ ਆ ਰਹੀਆਂ ਹਨ। ਹੁਣ ਹਿਮਾਚਲ ’ਚ ਮੀਂਹ ਪੈਣ ਕਾਰਨ ਖੇਤਰ ਦੀਆਂ ਸਾਰੀਆਂ ਮੰਡੀਆਂ ਵਿੱਚ ਸਬਜ਼ੀਆਂ ਦੇ ਭਾਅ ਵਧ ਗਏ ਹਨ। ਸਬਜ਼ੀ ਮੰਡੀ ਵਿੱਚ ਗੋਭੀ 100 ਰੁਪਏ ਕਿੱਲੋ ਵਿਕ ਰਹੀ ਹੈ ਜਦਕਿ ਪਹਿਲਾਂ ਗੋਭੀ ਦਾ ਭਾਅ 40-50 ਰੁਪਏ ਕਿੱਲੋ ਸੀ। ਇਸੇ ਤਰ੍ਹਾਂ ਗਾਜਰ ਦਾ ਭਾਅ 40 ਤੋਂ ਵਧ ਕੇ 70 ਰੁਪਏ ਕਿੱਲੋ ਹੋ ਗਿਆ ਹੈ। ਸ਼ਿਮਲਾ ਮਿਰਚ 160 ਤੋਂ 180 ਰੁਪਏ ਕਿੱਲੋ ਤੱਕ ਪੁੱਜ ਗਈ ਹੈ ਜਦਕਿ ਕੁਝ ਸਮਾਂ ਪਹਿਲਾਂ ਤੱਕ ਭਾਅ 10-20 ਰੁਪਏ ਕਿੱਲੋ ਸੀ। ਖੀਰੇ ਦਾ ਭਾਅ 30-40 ਰੁਪਏ ਤੋਂ ਵੱਧ ਕੇ 70 ਰੁਪਏ ਕਿੱਲੋ ਹੋ ਗਿਆ ਹੈ ਪਰ ਪੰਜਾਬ ਵਿੱਚ ਐਨਾ ਮਹਿੰਗਾ ਟਮਾਟਰ ਪਹਿਲੀ ਵਾਰ ਹੋਇਆ ਹੈ। ਗੁਰਵੇਸਕ ਸਿੰਘ ਨੇ ਆਖਿਆ ਕਿ ਅੱਜ ਥੋਕ ਵਿੱਚ ਟਮਾਟਰ 160-180 ਰੁਪਏ ਕਿੱਲੋ ਵਿਕਿਆ ਹੈ ਪਰ ਪ੍ਰਚੂਨ ਵਿੱਚ ਟਮਾਟਰ 250-300 ਰੁਪਏ ਕਿੱਲੋ ਵਿਕ ਰਿਹਾ ਹੈ। ਉਨ੍ਹਾਂ ਆਖਿਆ ਕਿ ਖੁਰਾਕ ਪਦਾਰਥਾਂ ਦੇ ਭਾਅ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ‘ਟ੍ਰਿਬਿਊਨ’ ਨਾਲ ਗੱਲਬਾਤ ਕਰਦਿਆਂ ਕੁਝ ਸਥਾਨਕ ਲੋਕਾਂ ਨੇ ਆਖਿਆ ਕਿ ਉਨ੍ਹਾਂ ਸਬਜ਼ੀਆਂ ਵਿੱਚ ਟਮਾਟਰ ਦੀ ਵਰਤੋਂ ਬੰਦ ਕਰ ਦਿੱਤੀ ਹੈ ਜਦਕਿ ਕੁਝ ਹੋਰਨਾਂ ਦਾ ਕਹਿਣਾ ਹੈ ਕਿ ਉਹ ਹੁਣ ਹਫ਼ਤੇ ’ਚ ਇੱਕ ਜਾਂ ਦੋ ਵਾਰ ਹੀ ਸਬਜ਼ੀ ਬਣਾਉਂਦੇ ਹਨ। ਮੰਡੀ ’ਚ ਸਬਜ਼ੀ ਖਰੀਦਣ ਆਈ ਰੇਖਾ ਨੇ ਆਖਿਆ ਕਿ ਉਹ ਪਹਿਲਾਂ ਹਫ਼ਤੇ ਵਿੱਚ ਪੰਜ-ਛੇ ਦਿਨ ਸਬਜ਼ੀਆਂ ਬਣਾਉਂਦੇ ਸਨ ਪਰ ਹੁਣ ਹਫਤੇ ਵਿਚ ਇਕ ਜਾਂ ਦੋ ਵਾਰ ਹੀ ਸਬਜ਼ੀ ਖਰੀਦਦੇ ਹਨ। ਉਸ ਨੇ ਆਖਿਆ ਕਿ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਉਹ ਬਾਕੀ ਦਿਨ ਦਾਲਾਂ ਬਣਾਉਂਦੇ ਹਨ।