ਸੰਗਰੂਰ : ਪ੍ਰਾਚੀਨ ਮੰਦਿਰ ਮਾਤਾ ਸ਼੍ਰੀ ਮਹਾਕਾਲੀ ਦੇਵੀ ਪਟਿਆਲਾ ਗੇਟ ਸੰਗਰੂਰ ਵਿਖੇ ਗੰਜੇਪਨ ਦੇ ਇਲਾਜ ਲਈ ਕੈਂਪ ਲਗਾਇਆ ਗਿਆ। ਜਿਸ ਵਿਚ ਗੰਜਾਪਨ ਦੂਰ ਕਰਨ ਲਈ ਸਿਰ ‘ਤੇ ਦਵਾਈ ਲਗਾਈ ਗਈ ਸੀ। ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਕੱਠੇ ਹੋ ਕੇ ਗੰਜੇਪਨ ਨੂੰ ਠੀਕ ਕਰਨ ਲਈ ਇਸ ਦਵਾਈ ਨੂੰ ਲਗਾਇਆ ਸੀ। ਹਾਲਾਂਕਿ ਜਦੋਂ ਡੇਰੇ ‘ਚ ਪਹੁੰਚੇ ਲੋਕਾਂ ਨੇ ਦਵਾਈ ਲਗਾ ਕੇ ਆਪਣੇ ਸਿਰ ਪਾਣੀ ਨਾਲ ਧੋਤੇ ਤਾਂ ਉਨ੍ਹਾਂ ਦੀਆਂ ਅੱਖਾਂ ‘ਚ ਤੇਜ਼ ਜਲਨ ਮਹਿਸੂਸ ਹੋਈ। ਜਿਸ ਤੋਂ ਬਾਅਦ ਅੱਖਾਂ ਵਿਚ ਹੁੰਦੇ ਦਰਦ ਨਾਲ ਤੜਫਦੇ ਹੋਏ ਲੋਕ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਪੁੱਜੇ, ਜਿੱਥੇ ਡਾਕਟਰਾਂ ਦੀ ਟੀਮ ਵਲੋਂ ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ।
ਹਾਸਿਲ ਜਾਣਕਾਰੀ ਅਨੁਸਾਰ, ਸ਼ਹਿਰ ਦੇ ਮਾਤਾ ਕਾਲੀ ਦੇਵੀ ਮੰਦਿਰ ਵਿਚ ਸਿਰ ‘ਤੇ ਦੁਬਾਰਾ ਬਾਲ ਲਿਆਉਣ ਲਈ ਕੈਂਪ ਲਾਇਆ ਗਿਆ ਸੀ, ਜਿਸ ਵਿਚ ਵੱਡੀ ਗਿਣਤੀ ਸੰਗਰੂਰ ਦੇ ਨਾਲ-ਨਾਲ ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਤੋਂ ਲੋਕ ਪੁੱਜੇ ਸਨ ਪ੍ਰੰਤੂ ਕੈਂਪ ਵਿਚ ਲੋਕਾਂ ਦੇ ਸਿਰ ‘ਤੇ ਅਜਿਹਾ ਤੇਲ ਲਾਇਆ ਗਿਆ, ਜਿਸ ਨਾਲ ਲੋਕਾਂ ਦੀਆਂ ਅੱਖਾਂ ਸੁੱਜ ਗਈਆਂ, ਲਾਲੀ ਆ ਗਈ ਅਤੇ ਬਹੁਤ ਜ਼ਿਆਦਾ ਦਰਦ ਹੋਣ ਲੱਗਾ। ਦਰਦ ਨਾਲ ਤੜਫਦੇ ਹੋਏ ਲੋਕ ਐਮਰਜੈਂਸੀ ਪਹੁੰਚੇ। ਦੇਖਦਿਆਂ-ਦੇਖਦਿਆਂ ਲੋਕਾਂ ਦੀ ਗਿਣਤੀ ਵਧਣ ਲੱਗ ਗਈ। ਐਮਰਜੈਂਸੀ ਵਿਚ ਤਾਇਨਾਤ ਡਾਕਟਰ ਅਨੁਸਾਰ ਹੁਣ ਤੱਕ 20 ਲੋਕ ਆਪਣਾ ਇਲਾਜ ਕਰਵਾਕੇ ਚਲੇ ਗਏ ਹਨ ਅਤੇ ਸੋਮਵਾਰ ਨੂੰ ਉਨ੍ਹਾਂ ਨੂੰ ਅੱਖਾਂ ਦੇ ਮਾਹਿਰ ਨੂੰ ਦੁਬਾਰਾ ਦਿਖਾਉਣ ਦੀ ਸਲਾਹ ਦਿੱਤੀ ਗਈ। ਐਮਰਜੈਂਸੀ ਵਿਚ ਇਲਾਜ ਲਈ ਪੁੱਜੇ ਲੋਕਾਂ ਨੇ ਦੱਸਿਆ ਉਹ ਕੈਂਪ ਵਿਚ ਸਿਰ ‘ਤੇ ਦੁਬਾਰਾ ਵਾਲ ਲਿਆਉਣ ਦੀ ਉਮੀਦ ਨਾਲਪੁੱਜੇ ਸਨ ਪ੍ਰੰਤੂ ਕੈਂਪ ਵਿਚ ਉਨ੍ਹਾਂ ਦੇ ਸਿਰ ‘ਤੇ ਤੇਲ ਲਾ ਕੇ ਕਹਿ ਦਿੱਤਾ ਕਿ ਘਰ ਜਾ ਕੇ 10-15 ਮਿੰਟ ਬਾਅਦ ਸਿਰ ਨੂੰ ਧੋ ਲਿਆ ਜਾਵੇ ਪ੍ਰੰਤੂ ਜਦੋਂ ਲੋਕਾਂ ਨੇ ਘਰ ਪੁੱਜ ਕੇ ਆਪਣਾ ਸਿਰ ਧੋਇਆ ਤਾਂ ਅਚਾਨਕ ਉਨ੍ਹਾਂ ਦੀਆਂ ਅੱਖਾਂ ਵਿਚ ਲਾਲੀ ਆਉਣ ਦੇ ਨਾਲ-ਨਾਲ ਤੇਜ਼ ਦਰਦ ਹੋਣ ਲੱਗ ਪਿਆ ਅਤੇ ਇਸਦੇ ਇਲਾਜ ਲਈ ਉਨ੍ਹਾਂ ਨੂੰ ਹਸਪਤਾਲ ਆਉਣਾ ਪਿਆ।
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਸੰਗਰੂਰ ਦੇ ਡਾਕਟਰ ਨੇ ਦੱਸਿਆ ਕਿ ਅੱਖਾਂ ਵਿੱਚ ਜਲਨ ਹੋਣ ਕਾਰਨ ਕਈ ਵਿਅਕਤੀਆਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦਾ ਮੁੱਢਲਾ ਇਲਾਜ ਕੀਤਾ ਗਿਆ ਹੈ ਅਤੇ ਸਵੇਰੇ ਉਨ੍ਹਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਜਾਵੇਗੀ।