ਅੰਮ੍ਰਿਤਸਰ: ਪੰਜਾਬ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅੰਮ੍ਰਿਤਸਰ ਵਿੱਚ ਕੋਵਿਡ ਦੇ 3 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਸ਼ਹਿਰ ਵਿੱਚ ਕੋਵਿਡ JN.1 ਵੇਰੀਐਂਟ ਦੇ ਕੁੱਲ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ। ਸਿਹਤ ਵਿਭਾਗ ਨੇ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।

ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਦੱਸਿਆ ਕਿ ਨਵੇਂ ਮਾਮਲੇ ਸਰਕਾਰੀ ਮੈਡੀਕਲ ਕਾਲਜ ਦੇ ਜੂਨੀਅਰ ਡਾਕਟਰਾਂ ਦੇ ਹਨ। ਤਿੰਨੋਂ ਡਾਕਟਰ ਘਰੇਲੂ ਇਕਾਂਤਵਾਸ ਵਿੱਚ ਹਨ ਅਤੇ ਉਨ੍ਹਾਂ ਦੀ ਸਿਹਤ ਸਥਿਰ ਹੈ। ਇਸ ਤੋਂ ਪਹਿਲਾਂ ਇੱਕ ਗਰਭਵਤੀ ਔਰਤ, ਇੱਕ ਮਹਿਲਾ ਮੈਡੀਕਲ ਟੈਕਨੀਸ਼ੀਅਨ, ਅਤੇ ਇੱਕ ਹੋਰ ਔਰਤ ਵਿੱਚ ਵੀ ਇਹ ਵੇਰੀਐਂਟ ਪਾਇਆ ਗਿਆ ਸੀ, ਜੋ ਸਾਰੇ ਘਰ ਵਿੱਚ ਇਕਾਂਤਵਾਸ ਵਿੱਚ ਹਨ।

ਡਾ.ਨੇ ਕਿਹਾ ਕਿ JN.1 ਵੇਰੀਐਂਟ ਦੇ ਲੱਛਣ ਹਲਕੇ ਹਨ, ਅਤੇ ਮਰੀਜ਼ 2-3 ਦਿਨਾਂ ਵਿੱਚ ਠੀਕ ਹੋ ਜਾਂਦੇ ਹਨ। ਉਨ੍ਹਾਂ ਨੇ ਲੋਕਾਂ ਨੂੰ ਖੰਘ, ਜ਼ੁਕਾਮ, ਬੁਖਾਰ, ਜਾਂ ਸਾਹ ਦੀ ਸਮੱਸਿਆ ਹੋਣ ‘ਤੇ ਤੁਰੰਤ ਡਾਕਟਰੀ ਸਲਾਹ ਲੈਣ ਦੀ ਅਪੀਲ ਕੀਤੀ। ਉਨ੍ਹਾਂ ਨੇ ਭੀੜ ਵਾਲੀਆਂ ਥਾਵਾਂ ਤੋਂ ਪਰਹੇਜ਼ ਕਰਨ, ਸਾਬਣ ਨਾਲ ਹੱਥ ਧੋਣ, ਅਤੇ ਮਾਸਕ ਪਾਉਣ ਦੀ ਸਿਫਾਰਸ਼ ਕੀਤੀ।

ਸਿਵਲ ਸਰਜਨ ਨੇ ਦੱਸਿਆ ਕਿ ਕੋਵਿਡ ਟੈਸਟਿੰਗ ਲਈ ਆਰਟੀ-ਪੀਸੀਆਰ ਅਤੇ ਰੈਪਿਡ ਟੈਸਟ ਉਪਲਬਧ ਹਨ। ਆਰਟੀ-ਪੀਸੀਆਰ ਟੈਸਟ ਲਈ ਵੀਟੀਐਮ ਕਿੱਟਾਂ ਹਸਪਤਾਲਾਂ ਵਿੱਚ ਪਹੁੰਚ ਚੁੱਕੀਆਂ ਹਨ। ਇਹ ਟੈਸਟ ਬਾਬਾ ਬਕਾਲਾ ਅਤੇ ਅੰਮ੍ਰਿਤਸਰ ਸਿਵਲ ਹਸਪਤਾਲ ਵਿਖੇ ਕੀਤੇ ਜਾ ਰਹੇ ਹਨ।