ਚੰਡੀਗੜ੍ਹ, 12 ਸਤੰਬਰ
ਐਤਕੀਂ ਪੰਜਾਬ ’ਚ ਝੋਨੇ ਦੀ ਬੰਪਰ ਫ਼ਸਲ ਹੋਣ ਦਾ ਅਨੁਮਾਨ ਹੈ। ਹਾਲਾਂਕਿ ਦੋ ਵਾਰ ਆਏ ਹੜ੍ਹਾਂ ਕਾਰਨ ਭਾਰੀ ਫ਼ਸਲੀ ਨੁਕਸਾਨ ਹੋਇਆ ਹੈ ਪਰ ਸੂਬਾ ਸਰਕਾਰ ਆਸਵੰਦ ਹੈ ਕਿ ਇਸ ਵਾਰ ਬੰਪਰ ਫ਼ਸਲ ਹੋਵੇਗੀ ਤੇ ਝੋਨੇ ਦਾ ਝਾੜ 208 ਲੱਖ ਟਨ ਰਹਿਣ ਦਾ ਅਨੁਮਾਨ ਹੈ। ਪਹਿਲਾਂ ਸਰਕਾਰ ਨੂੰ ਖ਼ਦਸ਼ਾ ਸੀ ਕਿ ਹੜ੍ਹਾਂ ਕਾਰਨ ਫ਼ਸਲ ਦੀ ਪੈਦਾਵਾਰ’ਤੇ ਅਸਰ ਪੈ ਸਕਦਾ ਹੈ। ਹੁਣ ਸਰਕਾਰ ਨੂੰ ਜਾਪਦਾ ਹੈ ਕਿ ਫ਼ਸਲੀ ਨੁਕਸਾਨ ਓਨਾ ਨਹੀਂ ਹੋਇਆ ਜਿੰਨਾ ਦਿਖ ਰਿਹਾ ਸੀ।
ਪੰਜਾਬ ਵਿਚ ਝੋਨੇ ਹੇਠ ਰਕਬਾ ਐਤਕੀਂ 32 ਲੱਖ ਹੈਕਟੇਅਰ ਹੈ ਜੋ ਪਿਛਲੇ ਵਰ੍ਹੇ ਨਾਲੋਂ ਕਰੀਬ 32 ਹਜ਼ਾਰ ਹੈਕਟੇਅਰ ਜ਼ਿਆਦਾ ਹੈ। ਪਹਿਲਾਂ 9 ਅਤੇ 10 ਜੁਲਾਈ ਨੂੰ ਆਏ ਹੜ੍ਹਾਂ ਕਾਰਨ ਪਟਿਆਲਾ, ਸੰਗਰੂਰ ਅਤੇ ਰੋਪੜ ਜ਼ਿਲ੍ਹਿਆਂ ਵਿਚ ਭਾਰੀ ਫ਼ਸਲੀ ਨੁਕਸਾਨ ਹੋਇਆ ਸੀ। ਅਗਸਤ ਵਿਚ ਹਿਮਾਚਲ ਪ੍ਰਦੇਸ਼ ’ਚੋਂ ਆਏ ਪਾਣੀ ਕਰ ਕੇ ਗੁਰਦਾਸਪੁਰ, ਕਪੂਰਥਲਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਤਰਨ ਤਾਰਨ ਅਤੇ ਜਲੰਧਰ ਜ਼ਿਲ੍ਹਿਆਂ ਨੂੰ ਨੁਕਸਾਨ ਹੋਇਆ ਸੀ।
ਜਦੋਂ ਪੰਜਾਬ ਵਿਚ ਕੇਂਦਰੀ ਅੰਤਰ ਮੰਤਰਾਲਾ ਟੀਮ ਨੇ ਤਿੰਨ ਦਿਨਾਂ ਦੌਰਾ ਕੀਤਾ ਸੀ ਤਾਂ ਉਸ ਵੇਲੇ ਸੂਬਾ ਸਰਕਾਰ ਨੇ 6.25 ਲੱਖ ਏਕੜ ਦਾ ਫ਼ਸਲੀ ਨੁਕਸਾਨ ਦੱਸਿਆ ਸੀ। ਉਸ ਮਗਰੋਂ ਸਰਕਾਰ ਨੇ ਆਖਿਆ ਕਿ ਹੜ੍ਹਾਂ ਕਾਰਨ ਕੇਵਲ 2.75 ਲੱਖ ਏਕੜ ਫ਼ਸਲ ਨੁਕਸਾਨੀ ਗਈ ਹੈ। ਹੁਣ ਸੂਬਾ ਸਰਕਾਰ ਨੇ ਕਿਹਾ ਹੈ ਕਿ ਜੁਲਾਈ ਅਤੇ ਅਗਸਤ ਵਿਚ ਹੜ੍ਹਾਂ ਕਾਰਨ ਸਿਰਫ 25 ਹਜ਼ਾਰ ਏਕੜ ਦੇ ਕਰੀਬ ਫ਼ਸਲ ਦਾ ਹੀ ਪੂਰਾ ਨੁਕਸਾਨ ਹੋਇਆ ਹੈ। ਸਰਕਾਰ ਨੇ ਮੌਜੂਦਾ ਅੰਕੜਿਆਂ ਦੇ ਆਧਾਰ ’ਤੇ ਝੋਨੇ ਦੀ ਬੰਪਰ ਫ਼ਸਲ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਉਂਜ ਕਈ ਜ਼ਿਲ੍ਹਿਆਂ ਵਿਚ ਝੋਨੇ ਦੀ ਲੁਆਈ ਕਿਸਾਨਾਂ ਨੂੰ ਦੂਸਰੀ ਵਾਰ ਕਰਨੀ ਪਈ ਸੀ। ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਕਰੀਬ 2.52 ਲੱਖ ਹੈਕਟੇਅਰ ਜ਼ਮੀਨ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ ਜਿਸ ’ਚੋਂ ਕਰੀਬ 10 ਹਜ਼ਾਰ ਹੈਕਟੇਅਰ ਫ਼ਸਲ ਦਾ ਪੂਰਾ ਨੁਕਸਾਨ ਹੋਇਆ ਹੈ ਅਤੇ ਇਸ ਰਕਬੇ ਦੀ ਭਰਪਾਈ ਨਹੀਂ ਕੀਤੀ ਜਾ ਸਕੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 86 ਹਜ਼ਾਰ ਹੈਕਟੇਅਰ ਰਕਬੇ ਵਿਚ ਝੋਨੇ ਦੀ ਦੁਬਾਰਾ ਲੁਆਈ ਕੀਤੀ ਗਈ ਹੈ।