ਬਰੈਂਪਟਨ, (ਡਾ.ਝੰਡ) -ਗੁਰਜੀਤ ਸਿੰਘ ਤੋਂ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਵੱਲੋਂ ਜਲਦੀ ਹੀ ਔਨ-ਲਾਈਨ ਪੰਜਾਬੀ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿਚ ਨਿਰਧਾਰਤ ਕੀਤੇ ਗਏ ਚਾਰ ਲੈਵਲਾਂ ਤੇ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਜਾਏਗੀ। ਲੈਵਲ-1 ਵਿਚ ਪੰਜਾਬੀ ਅੱਖਰਾਂ (ਪੈਂਤੀ) ਤੇ ਮੁਕਤਾ ਸ਼ਬਦਾਂ ਬਾਰੇ ਦੱਸਿਆ ਜਾਏਗਾ, ਲੈਵਲ-2 ਵਿਚ ਅੱਖਰਾਂ, ਲਗਾਂ, ਮਾਤਰਾਂ ਤੇ ਸ਼ਬਦਾਂ, ਲੈਵਲ-3 ਵਿਚ ਵਾਕ-ਬਣਤਰ, ਵਿਆਕਰਣ (ਵਚਨ, ਲਿੰਗ ਬਦਲੋ ਤੇ ਵਾਕ) ਅਤੇ ਲੈਵਲ-4 ਵਿਚ ਸੰਯੁਕਤ ਵਾਕ, ਪੈਰਾ ਰਚਨਾ ਅਤੇ ਵਿਆਕਰਣ ਬਾਰੇ ਜਾਣਕਾਰੀ ਦਿੱਤੀ ਜਾਏਗੀ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਪੰਜਾਬ ਚੈਰਿਟੀ ਓਨਟਾਰੀਓ, ਕੈਨੇਡਾ ਦੀ ਅਜਿਹੀ ਸੰਸਥਾ ਹੈ ਜੋ ਮਾਂ-ਬੋਲੀ ਦੇ ਪ੍ਰਚਾਰ ਤੇ ਪਸਾਰ ਕਰਨ, ਲੋੜਵੰਦਾਂ ਲਈ ਫ਼ੂਡ-ਡਰਾਈਵ ਚਲਾਉਣ ਅਤੇ ਸਮੇਂ-ਸਮੇਂ ਖ਼ੂਨਦਾਨ ਕੈਂਪ ਲਗਾਉਣ ਵਰਗੇ ਸਮਾਜ-ਸੇਵੀ ਕੰਮਾਂ ਵਿਚ ਪਿਛਲੇ ਕਈ ਸਾਲਾਂ ਤੋਂ ਬਣਦਾ ਯੋਗਦਾਨ ਦੇ ਕੇ ਆਪਣਾ ਯਥਾਯੋਗ ਫ਼ਰਜ਼ ਨਿਭਾਅ ਰਹੀ ਰਹੀ ਹੈ। ਦੁਨੀਆਂ-ਭਰ ਵਿਚ ਵੱਸਦੇ ਪੰਜਾਬੀ ਨੌਜੁਆਨਾਂ ਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਸਿਖਾਉਣਾ ਇਸ ਦਾ ਮੁੱਖ-ਉਦੇਸ਼ ਹੈ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਇਸ ਸੰਸਥਾ ਵੱਲੋਂ ਆਧੁਨਿਕ ਕੰਪਿਊਟਰੀ ਤਕਨੀਕ ਦੇ ਮਾਧਿਅਮ ਰਾਹੀਂ ਔਨ-ਲਾਈਨ ਪੰਜਾਬੀ ਕਲਾਸਾਂ ਲਗਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਤੋਂ ਪੜ੍ਹੇ-ਲਿਖੇ ਅਤੇ ਸਿੱਖਿਅਤ ਅਧਿਆਪਕਾਂ ਵੱਲੋਂ ਪੜ੍ਹਾਇਆ ਜਾਏਗਾ। ਇਕ ਕਲਾਸ ਵਿਚ ਵੱਧ ਤੋਂ ਵੱਧ 10 ਵਿਦਿਆਰਥੀ ਹੋਣਗੇ। ਇਨ੍ਹਾਂ ਕਲਾਸਾਂ ਵਿਚ ਦਾਖ਼ਲਾ ਲੈਣ ਲਈ ਬੱਚੇ ਦੀ ਉਮਰ ਘੱਟ ਤੋਂ ਘੱਟ 9 ਸਾਲ ਹੋਣੀ ਚਾਹੀਦੀ ਹੈ ਅਤੇ ਹਰੇਕ ਕਲਾਸ ਦਾ ਸਿਲੇਬਸ ਉਪਰੋਕਤ ਵਰਨਣ ਚਾਰ ਲੈਵਲਾਂ ਅਨੁਸਾਰ ਹੋਵੇਗਾ।
ਇਨ੍ਹਾਂ ਕਲਾਸਾਂ ਵਿਚ ਦਾਖ਼ਲਾ ਲੈਣ ਲਈ ਪੰਜਾਬ ਚੈਰਿਟੀ ਓਨਟਾਰੀਓ (ਕੈਨੇਡਾ) ਦੀ ਵੈੱਬਸਾਈਟ www.Punjabcharity.org. ਉੱਪਰ ਇਸ ਦੇ ਔਨ-ਲਾਈਨ ਕਲਾਸਿਜ (Online Classes) ਦੇ ਪੇਜ ਤੇ ਜਾ ਕੇ ਫ਼ਾਰਮ ਭਰੋ ਜੀ। ਤੁਹਾਨੂੰ ਈ-ਮੇਲ ਰਾਹੀਂ ਲੋੜੀਂਦਾ ਲਿੰਕ ਭੇਜਿਆ ਜਾਏਗਾ ਅਤੇ ਫ਼ੀਸ ਬਾਰੇ ਲੋੜੀਂਦੀ ਜਾਣਕਾਰੀ ਦਿੱਤੀ ਜਾਵੇਗੀ। ਆਮ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਲੈਵਲ-1 ਅਤੇ ਲੈਵਲ-2 ਦੀ ਫ਼ੀਸ ਕੇਵਲ 50 ਕੈਨੇਡੀਅਨ ਪ੍ਰਤੀ ਵਿਦਿਆਰਥੀ ਡਾਲਰ ਰੱਖੀ ਗਈ ਹੈ ਅਤੇ ਹਰੇਕ ਦੂਜੇ ਭੈਣ-ਭਰਾ ਲਈ ਇਹ ਫ਼ੀਸ 25 ਕੈਨੇਡੀਅਨ ਡਾਲਰ ਹੋਵੇਗੀ। ਅਲਬੱਤਾ, ਲੈਵਲ-1 ਵਿਚ ਦਾਖ਼ਲਾ ਲੈਣ ਵਾਲੇ ਪਹਿਲੇ 20 ਵਿਦਿਆਰਥੀਆਂ ਕੋਲੋਂ ਕੋਈ ਫ਼ੀਸ ਨਹੀਂ ਲਈ ਜਾਏਗੀ। ਲੈਵਲ-3 ਅਤੇ ਲੈਵਲ-4 ਦੇ ਵਿਦਿਆਰਥੀਆਂ ਕੋਲੋਂ ਇਹ ਫ਼ੀਸ 100 ਕੈਨੇਡੀਅਨ ਡਾਲਰ ਚਾਰਜ ਕੀਤੀ ਜਾਵੇਗੀ।
ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਹੇਠ ਲਿਖੇ ਫ਼ੋਨ ਨੰਬਰਾਂ ਜਾਂ ਪੰਜਾਬ ਚੈਰਿਟੀ ਓਨਟਾਰੀਓ ਦੀ ਈ-ਮੇਲ punjabcharity@gmail.com ਤੇ ਸੰਪਰਕ ਕੀਤਾ ਜਾ ਸਕਦਾ ਹੈ:
ਡਾ. ਗੁਰਨਾਮ ਸਿੰਘ ਢਿੱਲੋਂ : 647-287-2577
ਬਲਿਹਾਰ ਸਿੰਘ ਨਵਾਂ ਸ਼ਹਿਰ : 647-297-8600
ਗੁਰਜੀਤ ਸਿੰਘ : 647-990-6489