ਚੰਡੀਗੜ੍ਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੋ ਹਫ਼ਤਿਆਂ ਲਈ ਆਪਣੀ ਇੰਗਲੈਂਡ ਦੀ ਨਿਜੀ ਯਾਤਰਾ ਲਈ ਅੱਜ ਰਵਾਨਾ ਹੋ ਗਏ। ਦਰਅਸਲ, ਪਿਛਲੇ ਕੁਝ ਸਮੇਂ ਤੋਂ ਉਹ ਬਹੁਤ ਜ਼ਿਆਦਾ ਰੁੱਝੇ ਰਹੇ ਹਨ ਤੇ ਉਹ ਹੁਣ ਥੋੜ੍ਹਾ ਆਰਾਮ ਫ਼ਰਮਾਉਣ ਲਈ ਇੰਗਲੈ਼ਡ ਗਏ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਇਸ ਇੰਗਲੈਂਡ ਯਾਤਰਾ ਦਾ ਅਸਲ ਮੰਤਵ ਜਾਣਨ ਦੇ ਜਤਨ ਕੀਤੇ ਜਾ ਰਹੇ ਹਨ ਪਰ ਸੂਤਰ ਮੁੱਖ ਮੰਤਰੀ ਦੀ ਇਸ ਯਾਤਰਾ ਨੂੰ ‘ਨਿਜੀ’ ਦੱਸ ਰਹੇ ਹਨ।
ਮੁੱਖ ਮੰਤਰੀ ਆਉਂਦੀ 28 ਨਵੰਬਰ ਨੂੰ ਪੰਜਾਬ ਪਰਤਣਗੇ।
ਪਿਛਲੇ ਕਈ ਦਿਨਾਂ ਤੋਂ ਉਹ ਬਹੁਤ ਅਹਿਮ ਸਰਗਰਮੀਆਂ ’ਚ ਰੁੱਝੇ ਰਹੇ। ਪਹਿਲਾਂ ਜ਼ਿਮਨੀ ਵਿਧਾਨ ਸਭਾ ਚੋਣਾਂ ਸਨ ਤੇ ਫਿਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਅਤੇ ਸਭ ਤੋਂ ਉੱਪਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸਕ 550 ਸਾਲਾ ਪ੍ਰਕਾਸ਼ ਪੁਰਬ। ਉਨ੍ਹਾਂ ਨਾਲ ਸਬੰਧਤ ਬਹੁਤ ਸਾਰੇ ਸਮਾਰੋਹਾਂ ਵਿੱਚ ਕੈਪਟਨ ਨੇ ਸ਼ਿਰਕਤ ਕੀਤੀ।
ਇਸੇ ਸਮੇਂ ਦੌਰਾਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਲੈ ਕੇ ਬਹੁਤ ਸਾਰੀਆਂ ਅਹਿਮ ਸ਼ਖ਼ਸੀਅਤਾਂ ਪੰਜਾਬ ਆਉਂਦੀਆਂ ਰਹੀਆਂ; ਜਿੱਥੇ ਮੁੱਖ ਮੰਤਰੀ ਦੀ ਮੌਜੂਦਗੀ ਵੀ ਬਹੁਤ ਜ਼ਰੂਰੀ ਹੁੰਦੀ ਸੀ।
ਉਸ ਤੋਂ ਪਹਿਲਾਂ 87 ਦੇਸ਼ਾਂ ਦੇ ਰਾਜਦੂਤ ਅੰਮ੍ਰਿਤਸਰ ਪੁੱਜੇ ਸਨ। ਉਹ ਵੀ 550ਵੇਂ ਪ੍ਰਕਾਸ਼ ਪੁਰਬ ਕਰਕੇ ਹੀ ਆਏ ਸਨ। ਕੇਂਦਰ ਸਰਕਾਰ ਤੇ ਰਾਜ ਸਰਕਾਰ ਨੇ ਮਿਲ ਕੇ ਉਹ ਸਮਾਰੋਹ ਕਰਵਾਇਆ ਸੀ।
ਕੁੱਲ ਮਿਲਾ ਕੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਰਕਾਰੀ ਸਮਾਰੋਹ ਕਾਫ਼ੀ ਭਰਵੇਂ ਤੇ ਸਫ਼ਲ ਰਹੇ।