ਚੰਡੀਗੜ, 15 ਅਕਤੂਬਰ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਭਾਜਪਾ ਦੇ ਸੂੁਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਨੂੰ ਯੁਨੀਵਰਸਿਟੀ ਵਿਦਿਆਰਥੀਆਂ ਸਾਹਮਣੇ ਖੇਤੀ ਕਾਨੂੰਨਾਂ ਤੇ ਖੁੱਲੀ ਬਹਿਸ ਦਾ ਸੱਦਾ ਦਿੱਤਾ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਭਾਜਪਾ ਸੂਬਾ ਪ੍ਰਧਾਨ ਨੂੰ ਕਿਹਾ ਕਿ ਇਹ ਬਹਿਸ ਪੰਜਾਬ ਖੇਤੀਬਾੜੀ ਯੁਨੀਵਰਿਸਟੀ ਲੁਧਿਆਣਾ, ਗੁਰੂ ਨਾਨਕ ਦੇਵ ਯੁਨੀਵਰਸਿਟੀ ਸ੍ਰੀ ਅੰਮਿ੍ਰਤਸਰ ਸਾਹਿਬ ਜਾਂ ਪੰਜਾਬੀ ਯੁਨੀਵਰਸਿਟੀ ਪਟਿਆਲਾ ਵਿਚ ਕਿਤੇ ਵੀ ਕਰਵਾਈ ਜਾ ਸਕਦੀ ਹੈ ਜਿਸ ਨੂੰ ਖੇਤੀ ਅਰਥ ਸ਼ਾਸਤਰ ਦੇ ਕੋਈ ਪ੍ਰੋਫਸਰ ਵੱਲੋਂ ਸੰਚਾਲਿਤ ਕੀਤਾ ਜਾ ਸਕਦਾ ਹੈ। ਇਸ ਬਹਿਸ ਦੌਰਾਨ ਉਹ ਅਤੇ ਭਾਜਪਾ ਪ੍ਰਧਾਨ ਆਪਣੇ ਆਪਣੇ ਵਿਚਾਰ ਇੰਨਾ ਖੇਤੀ ਕਾਨੂੰਨਾਂ ਬਾਬਤ ਯੁਨੀਵਰਸਿਟੀ ਵਿਦਿਆਰਥੀਆਂ ਅਤੇ ਪ੍ਰੋਫਸਰਾਂ ਸਾਹਮਣੇ ਰੱਖਣ ਅਤੇ ਨਵੀਂ ਪੀੜੀ ਦੇ ਨੌਜਵਾਨ ਖੁਦ ਫੈਸਲਾ ਕਰਨ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ।
ਜਾਖੜ ਨੇ ਕਿਹਾ ਕਿ ਇੰਨਾਂ ਕਾਲੇ ਕਾਨੂੰਨਾਂ ਕਾਰਨ ਸਿਰਫ ਪੰਜਾਬ ਨਹੀਂ ਬਲਕਿ ਪੂਰੇ ਦੇਸ਼ ਦੀ ਅਰਥਵਿਵਸਥਾ ਅਤੇ ਕਿਸਾਨੀ ਦਾ ਭਵਿੱਖ ਜੁੜਿਆ ਹੋਇਆ ਹੈ ਇਸ ਲਈ ਸਭ ਨੂੰ ਇਕਜੁੱਟ ਹੋ ਕੇ ਇੰਨਾਂ ਖਿਲਾਫ ਲੜਾਈ ਲੜਨੀ ਚਾਹੀਦੀ ਹੈ। ਉਨਾਂ ਨੇ ਕਿਹਾ ਕਿ ਇੰਨਾਂ ਕਾਨੂੰਨਾਂ ਦਾ ਮਾਰੂ ਅਸਰ ਸਿਰਫ ਪੰਜਾਬ ਨਹੀਂ ਸਗੋਂ ਹਰਿਆਣਾ ਸਮੇਤ ਦੇਸ਼ ਦੇ ਸਾਰੇ ਸੂਬਿਆਂ ਦੇ ਕਿਸਾਨਾਂ ਤੇ ਪਵੇਗਾ।
ਸੂਬਾ ਕਾਂਗਰਸ ਪ੍ਰਧਾਨ ਨੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਮੁਲਾਕਾਤ ਲਈ ਬੁਲਾ ਕੇ ਕੇਂਦਰੀ ਖੇਤੀ ਮੰਤਰੀ ਵੱਲੋਂ ਕਿਸਾਨਾਂ ਨਾਲ ਗੱਲਬਾਤ ਨਾ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਖੇਧੀ ਕਰਦਿਆਂ ਕਿਹਾ ਕਿ ਇਸ ਤੋਂ ਮੋਦੀ ਸਰਕਾਰ ਦੀ ਕਿਸਾਨਾਂ ਅਤੇ ਪੰਜਾਬ ਪ੍ਰਤੀ ਨੀਅਤ ਸਪੱਸ਼ਟ ਹੋ ਜਾਂਦੀ ਹੈ। ਉਨਾਂ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਅਜਿਹਾ ਕਰਕੇ ਸਿਸ਼ਟਾਚਾਰ ਦਾ ਉਲੰਘਣ ਕੀਤਾ ਹੈ ਅਤੇ ਪੰਜਾਬ ਦੇ ਕਿਸਾਨਾਂ ਦਾ ਅਪਮਾਨ ਕੀਤਾ ਹੈ। ਉਨਾਂ ਨੇ ਕਿਹਾ ਕਿ ਅਸਲ ਵਿਚ ਭਾਜਪਾ ਸਰਕਾਰ ਦੀ ਮਾਨਸਿਕਤਾ ਹੀ ਕਿਸਾਨ ਅਤੇ ਪੰਜਾਬ ਵਿਰੋਧੀ ਹੈ ਇਸੇ ਕਾਰਨ ਇਸ ਵੱਲੋਂ ਇਸ ਤਰਾਂ ਦੇ ਗੈਰ ਸੰਵਿਧਾਨਕ ਕਾਨੂੰਨ ਬਣਾਏ ਜਾ ਰਹੇ ਹਨ।