ਫਾਜ਼ਿਲਕਾ, 4 ਜੁਲਾਈ
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀਏ ਦੀ ਬੀਤੀ ਦੇਰ ਰਾਤ ਅਬੋਹਰ-ਫਾਜ਼ਿਲਕਾ ਰੋਡ ’ਤੇ ਪਿੰਡ ਘੱਲੂ ਨੇੜੇ ਸੜਕ ਹਾਦਸੇ ’ਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਭੁਪਿੰਦਰ ਸਿੰਘ ਬਰਾੜ ਵਜੋਂ ਹੋਈ ਹੈ। ਇਹ ਜਾਣਕਾਰੀ ਮਿਲੀ ਹੈ ਕਿ ਉਸ ਦੀ ਕਾਰ ਨੇ ਟਰੈਕਟਰ-ਰੇਹੜੇ ਨੂੰ ਪਿੱਛੋਂ ਟੱਕਰ ਮਾਰੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਰਾਹਗੀਰਾਂ ਨੇ ਭੁਪਿੰਦਰ ਸਿੰਘ ਨੂੰ ਫਾਜ਼ਿਲਕਾ ਦੇ ਸਿਵਲ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਖੂਈਖੇੜਾ ਦੇ ਐੱਸਐੱਚਓ ਸਚਿਨ ਕੁਮਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਕਾਰ ਚਾਲਕ ਫਾਜ਼ਿਲਕਾ ਵੱਲੋਂ ਆ ਰਿਹਾ ਸੀ ਜਿਸ ਨੇ ਟਰੈਕਟਰ ਪਿੱਛੇ ਲੱਗੇ ਲੱਕੜ ਵਾਲੇ ਰੇਹੜੇ ਨੂੰ ਟੱਕਰ ਮਾਰ ਦਿੱਤੀ। ਲੋਕਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਉਨ੍ਹਾਂ ਚਾਲਕ ਨੂੰ ਕਾਰ ਤੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ ਗਿਆ। ਡੀਐਸਪੀ ਜ਼ੋਰਾ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਭੁਪਿੰਦਰ ਸਿੰਘ ਬਰਾੜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਿੱਜੀ ਸਕੱਤਰ ਸੀ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਭੁਪਿੰਦਰ ਸਿੰਘ ਬਰਾੜ ਦੀ ਮੌਤ ’ਤੇ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਦੁੱਖ ਸਾਂਝਾ ਕਰਦਿਆਂ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ।