ਚੰਡੀਗੜ੍ਹ, 25 ਜੁਲਾਈ
ਮੌਸਮ ਵਿਭਾਗ ਨੇ ਪੰਜਾਬ, ਚੰਡੀਗੜ੍ਹ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸਣੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਪਹਾੜੀ ਖੇਤਰ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਸੂਬੇ ਵਿੱਚ ਦਰਿਆ, ਨਦੀਆਂ ਅਤੇ ਨਾਲੇ ਨੱਕੋ-ਨੱਕ ਵਹਿ ਰਹੇ ਹਨ। ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹੇ ਹੜ੍ਹ ਦੀ ਮਾਰ ਹੇਠ ਹਨ। ਮੌਸਮ ਵਿਭਾਗ ਨੇ ਭਲਕ ਤੋਂ ਲਗਾਤਾਰ ਤਿੰਨ-ਚਾਰ ਦਿਨ ਤੱਕ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਅੱਜ ਸੂਬੇ ਦੇ ਕਈ ਸ਼ਹਿਰਾਂ ਜਿਵੇਂ ਚੰਡੀਗੜ੍ਹ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਮੋਗਾ ਅਤੇ ਫਰੀਦਕੋਟ ਦੇ ਕੁੱਝ ਇਲਾਕਿਆਂ ਵਿੱਚ ਮੀਂਹ ਪਿਆ। ਮੌਸਮ ਵਿਭਾਗ ਨੇ ਭਲਕੇ 25 ਜੁਲਾਈ ਤੋਂ 28 ਜੁਲਾਈ ਤੱਕ ਕਈ ਥਾਈ ਗਰਜ ਅਤੇ ਚਮਕ ਨਾਲ ਛਿੱਟੇ ਪੈਣ ਅਤੇ ਕਈ ਥਾਈਂ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਪੰਜਾਬ ਦੇ ਅੰਮ੍ਰਿਤਸਰ ਵਿੱਚ 38 ਐੱਮਐੱਮ, ਗੁਰਦਾਸਪੁਰ ’ਚ 2.5 ਐੱਮਐੱਮ, ਜਲੰਧਰ ’ਚ 3.5 ਐੱਮਐੱਮ, ਮੋਗਾ ’ਚ 1.5 ਐੱਮਐੱਮ ਮੀਂਹ ਪਿਆ ਹੈ। ਇਸ ਤੋਂ ਇਲਾਵਾ ਚੰਡੀਗੜ੍ਹ, ਫਰੀਦਕੋਟ, ਲੁਧਿਆਣਾ ਤੇ ਹੋਰਨਾਂ ਇਲਾਕਿਆਂ ’ਚ ਵੀ ਕਿਣ-ਮਿਣ ਹੋਈ ਹੈ। ਮੀਂਹ ਪੈਣ ਨਾਲ ਸੂਬੇ ਵਿੱਚ ਲੋਕਾਂ ਨੇ ਗਰਮੀ ਤੋਂ ਵੀ ਰਾਹਤ ਮਹਿਸੂਸ ਕੀਤੀ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਸਭ ਤੋਂ ਗਰਮ ਰਿਹਾ ਹੈ, ਜਿੱਥੇ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਜਦੋਂ ਕਿ ਸੂਬੇ ਦੇ ਅੰਮ੍ਰਿਤਸਰ, ਲੁਧਿਆਣਾ, ਪਟਿਆਲਾ, ਬਠਿੰਡਾ, ਫਰੀਦਕੋਟ, ਗੁਰਦਾਸਪੁਰ, ਨਵਾਂ ਸ਼ਹਿਰ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ, ਮੋਗਾ, ਮੁਕਤਸਰ ਵਿੱਚ ਤਾਪਮਾਨ 34 ਤੋਂ 36 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਹੈ।