ਅੰਮ੍ਰਿਤਸਰ:ਫਿਲਮ ਅਦਾਕਾਰ ਅਨੁਪਮ ਖੇਰ ਨੇ ਆਖਿਆ ਕਿ ਜੇਕਰ ਉਨ੍ਹਾਂ ਨੂੰ ਪੰਜਾਬੀ ਦੀ ਕੋਈ ਚੰਗੀ ਕਹਾਣੀ ਮਿਲੀ ਤਾਂ ਉਹ ਪੰਜਾਬੀ ਫ਼ਿਲਮ ਦਾ ਵੀ ਨਿਰਮਾਣ ਕਰਨਗੇ। ਉਹ ਇੱਥੇ ਫਿੱਕੀ ਵੱਲੋਂ ਕਰਵਾਏ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਉਨ੍ਹਾਂ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਗੁਰੂਘਰ ਪ੍ਰਤੀ ਸ਼ਰਧਾ ਦਾ ਪ੍ਰਗਟਾਵਾ ਕੀਤਾ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸਫਲਤਾ ਹਾਸਲ ਕਰਨ ਤੋਂ ਬਾਅਦ ਗੁਰੂਘਰ ਵਿਚ ਸ਼ੁਕਰਾਨਾ ਕਰਨ ਆਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਆਈਆਂ ਫਿਲਮਾਂ ਵਿਚ ਉਨ੍ਹਾਂ ਨੂੰ ਵੱਡੀ ਸਫਲਤਾ ਮਿਲੀ ਹੈ ਜਿਨ੍ਹਾਂ ਵਿਚ ‘ਕਸ਼ਮੀਰ ਫਾਈਲਜ਼’ ਅਤੇ ‘ਊਂਚਾਈਆਂ’ ਸ਼ਾਮਲ ਸਨ। ਦੱਸਣਾ ਬਣਦਾ ਹੈ ਕਿ ਉਹ ਤਿੰਨ ਪੁਸਤਕਾਂ ਵੀ ਲਿਖ ਚੁੱਕੇ ਹਨ। ਜ਼ਿੰਦਗੀ ਦੇ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਸ਼ਿਮਲਾ ਦੇ ਰਹਿਣ ਵਾਲੇ ਹਨ ਅਤੇ ਗਰੀਬ ਪਰਿਵਾਰ ਨਾਲ ਸਬੰਧਤ ਹਨ। ਉਨ੍ਹਾਂ ਦੇ ਪਿਤਾ ਜੰਗਲਾਤ ਵਿਭਾਗ ਵਿਚ ਬਤੌਰ ਕਲਰਕ ਕੰਮ ਕਰਦੇ ਸਨ ਅਤੇ ਉਨ੍ਹਾਂ ਨੂੰ ਸਿਰਫ 90 ਰੁਪਏ ਤਨਖਾਹ ਮਿਲਦੀ ਸੀ। ਉਹ 1980ਵਿਆਂ ਵਿਚ ਮੁੰਬਈ ਚਲੇ ਗਏ ਸਨ ਅਤੇ ਹੁਣ ਤੱਕ ਉਨ੍ਹਾਂ 532 ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਨ੍ਹਾਂ ਇੱਥੇ ਅੰਮ੍ਰਿਤਸਰੀ ਕੁਲਚੇ ਦਾ ਸਵਾਦ ਚੱਖਿਆ ਤੇ ਲੱਸੀ ਵੀ ਪੀਤੀ।