ਮੋਹਾਲੀ: ਪੰਜਾਬੀ ਗਾਇਕ ਰਾਜਵੀਰ ਜਵੰਦਾ, ਜੋ ਹਰਿਆਣਾ ਦੇ ਪਿੰਜੌਰ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਏ ਸਨ, ਨੂੰ ਤੀਜੇ ਦਿਨ ਵੀ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਾਈਫ ਸਪੋਰਟ ਸਿਸਟਮ ’ਤੇ ਰੱਖਿਆ ਗਿਆ ਹੈ। ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਮੁਤਾਬਕ, ਰਾਜਵੀਰ ਦੀ ਹਾਲਤ ਅਜੇ ਵੀ ਨਾਜ਼ੁਕ ਹੈ।

ਉਨ੍ਹਾਂ ਦੀ ਦੇਖਭਾਲ ਮੋਹਾਲੀ ਦੇ ਫੋਰਟਿਸ ਹਸਪਤਾਲ ਦੀ ਮਾਹਰ ਟੀਮ ਕਰ ਰਹੀ ਹੈ, ਜਿਸ ਵਿੱਚ ਨਿਊਰੋਸਰਜਰੀ ਅਤੇ ਕ੍ਰਿਟੀਕਲ ਕੇਅਰ ਦੇ ਡਾਕਟਰ ਲਗਾਤਾਰ ਉਨ੍ਹਾਂ ਦੀ ਨਿਗਰਾਨੀ ਅਤੇ ਇਲਾਜ ਵਿੱਚ ਜੁਟੇ ਹਨ। ਐਤਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਪਹੁੰਚ ਕੇ ਰਾਜਵੀਰ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਡਾਕਟਰਾਂ ਨਾਲ ਉਨ੍ਹਾਂ ਦੀ ਹਾਲਤ ’ਤੇ ਚਰਚਾ ਕੀਤੀ। ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਦੀ ਤੁਲਨਾ ਵਿੱਚ ਰਾਜਵੀਰ ਦੀ ਹਾਲਤ ਵਿੱਚ ਸੁਧਾਰ ਹੋਇਆ ਹੈ।

ਐਤਵਾਰ ਨੂੰ ਕਈ ਪੰਜਾਬੀ ਗਾਇਕ ਵੀ ਰਾਜਵੀਰ ਨੂੰ ਮਿਲਣ ਹਸਪਤਾਲ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਰਾਜਵੀਰ ਰਿਕਵਰੀ ਵੱਲ ਵਧ ਰਹੇ ਹਨ ਅਤੇ ਸਭ ਨੂੰ ਉਨ੍ਹਾਂ ਦੇ ਜਲਦ ਸਿਹਤਯਾਬ ਹੋਣ ਲਈ ਅਰਦਾਸ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਰਾਜਵੀਰ ਜਵੰਦਾ ਆਪਣੇ ਚਾਰ ਦੋਸਤਾਂ ਨਾਲ ਮੋਟਰਸਾਈਕਲ ’ਤੇ ਸਫਰ ਕਰ ਰਹੇ ਸਨ ਜਦੋਂ ਅਚਾਨਕ  ਹਾਦਸਾ ਵਾਪਰਿਆ। ਸੜਕ ’ਤੇ ਸਿਰ ਲੱਗਣ ਨਾਲ ਉਨ੍ਹਾਂ ਨੂੰ ਗੰਭੀਰ ਸੱਟ ਲੱਗੀ ਅਤੇ ਮੋਹਾਲੀ ਲਿਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ।

ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਫੋਰਟਿਸ ਹਸਪਤਾਲ ਵਿੱਚ ਰਾਜਵੀਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਅਤੇ ਡਾਕਟਰਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਸ਼ਨੀਵਾਰ ਨੂੰ ਰਾਜਵੀਰ ਦੀ ਹਾਲਤ ਕਾਫੀ ਨਾਜ਼ੁਕ ਸੀ, ਉਨ੍ਹਾਂ ਦਾ ਦਿਲ ਸਹੀ ਤਰ੍ਹਾਂ ਕੰਮ ਨਹੀਂ ਕਰ ਰਿਹਾ ਸੀ ਅਤੇ ਉਹ ਚਾਰ ਲਾਈਫ ਸਪੋਰਟ ਮਸ਼ੀਨਾਂ ’ਤੇ ਸਨ। ਹੁਣ ਉਨ੍ਹਾਂ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ, ਇੱਕ ਮਸ਼ੀਨ ਹਟਾਈ ਗਈ ਹੈ, ਪਰ ਉਹ ਅਜੇ ਵੀ ਬੇਹੋਸ਼ ਹਨ। ਡਾਕਟਰ ਅਤੇ ਮਾਹਰ ਉਨ੍ਹਾਂ ਦੀ ਦੇਖਭਾਲ ਵਿੱਚ ਜੁਟੇ ਹਨ।