ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਅਤੇ ਯੋ ਯੋ ਹਨੀ ਸਿੰਘ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਪੰਜਾਬ ਮਹਿਲਾ ਕਮਿਸ਼ਨ ਨੇ ਦੋਵਾਂ ਗਾਇਕਾਂ ਦੇ ਗੀਤਾਂ ‘ਤੇ ਸਖ਼ਤ ਨੋਟਿਸ ਲਿਆ ਹੈ ਅਤੇ ਇਸ ਸਬੰਧ ਵਿੱਚ ਪੰਜਾਬ ਦੇ ਡੀਜੀਪੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ, ਪੰਜਾਬ ਮਹਿਲਾ ਕਮਿਸ਼ਨ ਨੇ ਯੋ ਯੋ ਹਨੀ ਸਿੰਘ ਅਤੇ ਕਰਨ ਔਜਲਾ ਦੇ ਖਿਲਾਫ ਸੂ ਮੋਟੋ ਨੋਟਿਸ ਜਾਰੀ ਕੀਤਾ ਹੈ। ਦੋਵਾਂ ਗਾਇਕਾਂ ਨੂੰ 11 ਅਗਸਤ, ਸੋਮਵਾਰ ਨੂੰ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਕਮਿਸ਼ਨ ਨੇ ਯੋ ਯੋ ਹਨੀ ਸਿੰਘ ਦੇ ਗੀਤ ‘ਮਿਲੀਨੀਅਰ’ ਅਤੇ ਕਰਨ ਔਜਲਾ ਦੇ ਗੀਤ ‘ਐਮਐਸ ਗੱਭਰੂ’ ਵਿੱਚ ਔਰਤਾਂ ਦੇ ਸਨਮਾਨ ਵਿਰੁੱਧ ਅਪਮਾਨਜਨਕ ਸ਼ਬਦਾਵਲੀ ਵਰਤਣ ‘ਤੇ ਇਤਰਾਜ਼ ਜਤਾਇਆ ਹੈ।
ਮਹਿਲਾ ਕਮਿਸ਼ਨ ਦੀ ਚੇਅਰਪਰਸਨ ਦਾ ਬਿਆਨ
ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਡੀਜੀਪੀ ਨੂੰ ਦੋ ਪੱਤਰ ਲਿਖੇ ਹਨ। ਪਹਿਲੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੋ ਯੋ ਹਨੀ ਸਿੰਘ ਦਾ ਗੀਤ ‘ਮਿਲੀਨੀਅਰ’ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵਿੱਚ ਔਰਤਾਂ ਵਿਰੁੱਧ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।
ਦੂਜੇ ਪੱਤਰ ਵਿੱਚ ਕਰਨ ਔਜਲਾ ਦੇ ਗੀਤ ‘ਐਮਐਸ ਗੱਭਰੂ’ ਦਾ ਜ਼ਿਕਰ ਕੀਤਾ ਗਿਆ ਹੈ, ਜੋ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਿਹਾ ਹੈ। ਕਮਿਸ਼ਨ ਮੁਤਾਬਕ, ਇਸ ਗੀਤ ਵਿੱਚ ਵੀ ਔਰਤਾਂ ਪ੍ਰਤੀ ਗਲਤ ਸ਼ਬਦ ਵਰਤੇ ਗਏ ਹਨ, ਜੋ ਪੂਰੀ ਤਰ੍ਹਾਂ ਨਾਮਨਜ਼ੂਰ ਹਨ।