ਮੋਗਾ, 5 ਸਤੰਬਰ
ਸੂਬੇ ’ਚ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਇੱਥੇ ਜ਼ਿਲ੍ਹੇ ’ਚ ਪੰਚਾਇਤਾਂ ਨੂੰ ਮਿਲੀਆਂ ਗਰਾਂਟਾਂ ’ਚ ਕਥਿਤ ਘੁਟਾਲੇ ਸਬੰਧੀ ਮੋਗਾ ਵਿਧਾਨ ਸਭਾ ਸ਼ਹਿਰੀ ਹਲਕੇ ਤੋਂ ਸਾਬਕਾ ਕਾਂਗਰਸੀ ਵਿਧਾਇਕ ਡਾ. ਹਰਜੋਤ ਕਮਲ ਤੋਂ ਸਥਾਨਕ ਵਿਜੀਲੈਂਸ ਬਿਊਰੋ ਨੇ ਦੋ ਘੰਟੇ ਪੁੱਛ ਪੜਤਾਲ ਕੀਤੀ। ਦੱਸਣਾ ਬਣਦਾ ਹੈ ਕਿ ਡਾ. ਹਰਜੋਤ ਹੁਣ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ। ਸਥਾਨਕ ਡੀਐੱਸਪੀ ਵਿਜੀਲੈਂਸ ਬਿਊਰੋ ਜਸਤਿੰਦਰ ਸਿੰਘ ਰਾਣਾ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਜਾਂਚ ਚੱਲ ਰਹੀ ਹੈ ਤੇ ਜਾਂਚ ਤੋਂ ਪਹਿਲਾਂ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ ਡਾ. ਹਰਜੋਤ ਤੋਂ ਦੋ ਘੰਟੇ ਪੁੱਛ ਪੜਤਾਲ ਕੀਤੀ ਗਈ, ਜੇ ਲੋੜ ਪਈ ਤਾਂ ਸਾਬਕਾ ਵਿਧਾਇਕ ਨੁੰ ਮੁੜ ਪੇਸ਼ ਹੋਣ ਲਈ ਸੰਮਨ ਭੇਜੇ ਜਾਣਗੇ। ਸਾਬਕਾ ਵਿਧਾਇਕ ਨੂੰ ਪਹਿਲਾਂ 30 ਅਗਸਤ ਨੂੰ ਤਲਬ ਕੀਤਾ ਗਿਆ ਸੀ ਪਰ ਉਹ ਬਾਹਰ ਹੋਣ ਕਰਕੇ ਵਿਜੀਲੈਂਸ ਅੱਗੇ ਪੇਸ਼ ਨਹੀਂ ਸਨ ਹੋ ਸਕੇ। ਉਨ੍ਹਾਂ ਨੂੰ ਦੁਬਾਰਾ 4 ਸਤੰਬਰ ਲਈ ਤਲਬ ਕੀਤਾ ਗਿਆ ਸੀ। ਵਿਜੀਲੈਂਸ ਸੂਤਰਾਂ ਮੁਤਾਬਕ ਵਿਕਾਸ ਕੰਮਾਂ ਤੋਂ ਇਲਾਵਾ ਜਿਮ ਦਾ ਸਾਮਾਨ ਆਦਿ ਦੀ ਖਰੀਦ ਬਿਨਾਂ ਕੁਟੇਸ਼ਨਾਂ ਅਤੇ ਬਿਨਾਂ ਟੈਂਡਰਾਂ ਤੋਂ ਕੀਤੀ ਦੱਸੀ ਜਾਂਦੀ ਹੈ। ਇਹ ਘੁਟਾਲਾ 2022 ਵਿਚ ਪੰਚਾਇਤੀ ਰਾਜ ਸੰਸਥਾਵਾਂ ਦੀ ਤਕਨੀਕੀ ਨਿਰੀਖਣ ਰਿਪੋਰਟ ’ਚ ਸਾਹਮਣੇ ਆਇਆ ਸੀ। ਵਿਜੀਲੈਂਸ ਦੀ ਮੁੱਢਲੀ ਜਾਂਚ ਵਿਚ ਸਾਬਕਾ ਸਰਪੰਚਾਂ ਤੋਂ ਇਲਾਵਾ ਵਿਕਾਸ ਵਿਭਾਗ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਦੇ ਤੱਥ ਵੀ ਸਾਹਮਣੇ ਆਏ ਹਨ।