ਸ਼ਾਰਲਟਟਾਊਨ, 24 ਅਪਰੈਲ : ਪ੍ਰੋਵਿੰਸ਼ੀਅਲ ਚੋਣਾਂ ਤੋਂ ਬਾਅਦ ਪ੍ਰਿੰਸ ਐਡਵਰਡ ਆਈਲੈਂਡ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਆਪਣੇ ਵਿਰੋਧੀਆਂ ਦੇ ਮੁਕਾਬਲੇ ਹਾਲ ਦੀ ਘੜੀ ਥੋੜ੍ਹੀ ਲੀਡ ਮਿਲੀ ਹੋਈ ਹੈ। ਇਸ ਸਮੇਂ ਵੋਟਾਂ ਦੀ ਗਿਣਤੀ ਚੱਲ ਰਹੀ ਹੈ ਤੇ ਇਸ ਵਾਰੀ ਗ੍ਰੀਨ ਪਾਰਟੀ ਦੇ ਉਭਰਨ ਦੀ ਸੰਭਾਵਨਾ ਵੀ ਬਣੀ ਹੋਈ ਹੈ।
ਮੰਗਲਵਾਰ ਨੂੰ ਵੋਟਿੰਗ ਬੰਦ ਹੋਣ ਤੋਂ ਇੱਕ ਘੰਟੇ ਬਾਅਦ ਵੋਟਾਂ ਦੀ ਸ਼ੁਰੂ ਹੋਈ ਗਿਣਤੀ ਵਿੱਚ ਟੋਰੀਜ਼ 11 ਹਲਕਿਆਂ ਵਿੱਚ ਅੱਗੇ ਚੱਲ ਰਹੇ ਸਨ, ਦੂਜੀ ਥਾਂ ਉੱਤੇ ਨੌਂ ਹਲਕਿਆਂ ਵਿੱਚ ਗ੍ਰੀਨ ਪਾਰਟੀ ਅੱਗੇ ਸੀ ਤੇ ਛੇ ਥਾਂਵਾਂ ਤੋਂ ਲਿਬਰਲਾਂ ਨੂੰ ਲੀਡ ਮਿਲੀ ਹੋਈ ਸੀ। ਅਗਸਤ ਤੋਂ ਹੀ ਓਪੀਨੀਅਨ ਪੋਲਜ਼ ਵਿੱਚ ਇਹ ਰੁਝਾਨ ਸਾਹਮਣੇ ਆਇਆ ਕਿ ਪਿਛਲੇ 100 ਸਾਲਾਂ ਤੋਂ ਇੱਥੇ ਦੋ ਪਾਰਟੀਆਂ ਵਾਲਾ ਚੱਲ ਰਿਹਾ ਸਿਸਟਮ ਐਤਕੀਂ ਟੁੱਟ ਸਕਦਾ ਹੈ ਤੇ ਇਸ ਵਾਰੀ ਗ੍ਰੀਨ ਪਾਰਟੀ ਵੀ ਮੁੱਖ ਧਾਰਾ ਨਾਲ ਜੁੜ ਸਕਦੀ ਹੈ।
ਪਿਛਲੇ ਅੱਠ ਸਾਲਾਂ ਵਿੱਚ ਪ੍ਰੋਗਰੈਸਿਵ ਕੰਜ਼ਰਵੇਟਿਵਾਂ ਕੋਲ ਛੇ ਆਗੂ ਰਹੇ ਹਨ। ਮੌਜੂਦਾ ਆਗੂ ਡੈਨਿਸ ਕਿੰਗ, ਜੋ ਕਿ ਸਾਬਕਾ ਸਿਆਸੀ ਸਟਾਫਰ ਤੇ ਸਲਾਹਕਾਰ ਹੈ, ਨੂੰ ਦੋ ਮਹੀਨੇ ਪਹਿਲਾਂ ਹੀ ਪਾਰਟੀ ਦੀ ਵਾਗਡੋਰ ਸੌਂਪੀ ਗਈ ਹੈ। ਫਿਰ ਵੀ ਪਿਛਲੇ ਮਹੀਨੇ ਟੋਰੀਜ਼ ਨੂੰ ਇੱਥੇ ਭਰਵਾਂ ਹੁੰਗਾਰਾ ਮਿਲਿਆ ਤੇ ਕੈਂਪੇਨ ਖਤਮ ਹੁੰਦਿਆਂ ਹੁੰਦਿਆਂ ਟੋਰੀਜ਼ ਦਾ ਗ੍ਰੀਨਜ਼ ਤੇ ਲਿਬਰਲਾਂ ਨਾਲ ਤਿਕੋਣਾਂ ਮੁਕਾਬਲਾ ਬਣ ਗਿਆ। ਕਿੰਗ ਨੂੰ ਬ੍ਰੈਕਲੇ ਹੰਟਰ ਰਿਵਰ ਇਲਾਕੇ ਤੋਂ ਚੁਣਿਆ ਗਿਆ।
ਦੂਜੇ ਪਾਸੇ ਸਕਾਟਲੈਂਡ ਵਿੱਚ ਪੈਦਾ ਹੋਏ ਤੇ ਪਲੇ ਵੱਡੇ ਹੋਏ ਪੀਟਰ ਬੇਵਨ ਬੇਕਰ ਦੀ ਅਗਵਾਈ ਵਿੱਚ ਗ੍ਰੀਨਜ਼ ਨੂੰ ਕਾਫੀ ਮਕਬੂਲੀਅਤ ਮਿਲੀ। ਇਸ ਤੋਂ ਪਹਿਲਾਂ ਗ੍ਰੀਨ ਪਾਰਟੀ ਕਾਫੀ ਡਿੱਕੇ ਡੋਲੇ ਖਾਂਦੀ ਪਿੱਛੇ ਚੱਲ ਰਹੀ ਸੀ। ਇਸ ਕੈਂਪੇਨ ਦੌਰਾਨ ਬੇਵਨ ਬੇਕਰ ਨੇ ਸਥਾਨਕ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਗ੍ਰੀਨ ਪਾਰਟੀ ਵਾਤਾਵਰਣ ਤੋਂ ਇਲਾਵਾ ਹੋਰਨਾਂ ਗੱਲਾਂ ਦਾ ਵੀ ਖਿਆਲ ਰੱਖੇਗੀ ਤੇ ਉਨ੍ਹਾਂ ਕਈ ਤਰ੍ਹਾਂ ਦੇ ਸਮਾਜਕ ਮੁੱਦਿਆਂ ਉੱਤੇ ਵੀ ਆਪਣਾ ਧਿਆਨ ਕੇਂਦਰਿਤ ਕਰਨ ਦਾ ਯਕੀਨ ਦਿਵਾਇਆ।
ਪ੍ਰੀਮੀਅਰ ਵੇਡ ਮੈਕਲਾਕਲੈਨ ਦੀ ਅਗਵਾਈ ਵਿੱਚ ਲਿਬਰਲ ਆਪਣੇ ਚੌਥੇ ਕਾਰਜਕਾਲ ਨੂੰ ਬਚਾਉਣ ਲਈ ਜ਼ੋਰ ਲਾ ਰਹੇ ਹਨ। ਉਨ੍ਹਾਂ ਵੱਲੋਂ ਵਾਰੀ ਵਾਰੀ ਸਥਾਨਕ ਵਾਸੀਆਂ ਨੂੰ ਇਹ ਚੇਤੇ ਕਰਵਾਇਆ ਗਿਆ ਕਿ ਉਨ੍ਹਾਂ ਦੀ ਅਗਵਾਈ ਵਿੱਚ ਹੀ ਪ੍ਰੋਵਿੰਸ ਦਾ ਅਰਥਚਾਰਾ ਮਜ਼ਬੂਤ ਰਹਿ ਸਕਦਾ ਹੈ। 57 ਸਾਲਾ ਜੋਈ ਬਾਇਰਨ ਦੀ ਅਗਵਾਈ ਵਿੱਚ ਐਨਡੀਪੀ ਕਿਸੇ ਵੀ ਹਲਕੇ ਵਿੱਚ ਆਪਣਾ ਰੰਗ ਨਹੀਂ ਵਿਖਾ ਸਕੀ ਹੈ।
ਜਦੋਂ ਵਿਧਾਨਸਭਾ ਭੰਗ ਹੋਈ ਸੀ ਤਾਂ 27 ਸੀਟਾਂ ਵਿੱਚੋਂ ਲਿਬਰਲਾਂ ਕੋਲ 16 ਸੀਟਾਂ ਸਨ, ਟੋਰੀਜ਼ ਕੋਲ ਅੱਠ ਤੇ ਗ੍ਰੀਨ ਪਾਰਟੀ ਕੋਲ ਸਿਰਫ ਦੋ ਸੀਟਾਂ ਸਨ। ਇੱਕ ਆਜ਼ਾਦ ਮੈਂਬਰ ਵੀ ਸੀ। ਕਿਸੇ ਵੀ ਪਾਰਟੀ ਨੂੰ ਇੱਥੇ ਆਪਣਾ ਆਧਾਰ ਮਜ਼ਬੂਤ ਕਰਨ ਲਈ 14 ਸੀਟਾਂ ਦੀ ਲੋੜ ਹੈ ਪਰ 27 ਵਿੱਚੋਂ ਸਿਰਫ 26 ਸੀਟਾਂ ਉੱਤੇ ਹੀ ਚੋਣਾਂ ਹੋਈਆਂ ਹਨ। ਸ਼ਨਿੱਚਰਵਾਰ ਨੂੰ ਇਲੈਕਸ਼ਨਜ਼ ਪੀਈਆਈ ਨੇ ਗ੍ਰੀਨ ਪਾਰਟੀ ਦੇ ਉਮੀਦਵਾਰ ਜੋਸ਼ ਅੰਡਰਹੇਅ ਤੇ ਉਨ੍ਹਾਂ ਦੇ ਛੋਟੇ ਬੇਟੇ ਦੀ ਹਿੱਲਸਬੌਰੋ ਰਿਵਰ ਵਿੱਚ ਬੋਟ ਹਾਦਸੇ ਵਿੱਚ ਹੋਈ ਮੌਤ ਕਾਰਨ ਸ਼ਾਰਲਟਟਾਊਨ-ਹਿੱਲਸਬੌਰੋ ਪਾਰਕ ਹਲਕੇ ਵਿੱਚ ਚੋਣਾਂ ਮੁਲਤਵੀ ਕਰ ਦਿੱਤੀਆਂ। ਅਗਲੇ ਤਿੰਨ ਮਹੀਨਿਆਂ ਵਿੱਚ ਇੱਥੇ ਜਿ਼ਮਨੀ ਚੋਣਾਂ ਕਰਵਾਈਆਂ ਜਾਣਗੀਆਂ।