ਓਟਵਾ, 7 ਅਪਰੈਲ : ਫੈਡਰਲ ਸਰਕਾਰ ਵੱਲੋਂ ਕੋਵਿਡ-19 ਵੈਕਸੀਨ ਦੀ ਡਲਿਵਰੀ ਬਾਰੇ ਪ੍ਰੋਵਿੰਸ਼ੀਅਲ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਟੀਕਾ ਟਿੱਪਣੀਆਂ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮਹਾਂਮਾਰੀ ਦੀ ਥਕਾਵਟ ਨੂੰ ਜਿ਼ੰਮੇਵਾਰ ਦੱਸਿਆ ਗਿਆ ਹੈ।
ਟਰੂਡੋ ਨੇ ਆਖਿਆ ਕਿ ਉਹ ਇਸ ਹਫਤੇ ਪ੍ਰੀਮੀਅਰਜ਼ ਨਾਲ ਗੱਲਬਾਤ ਕਰਨਗੇ ਤੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਜਾਵੇਗਾ ਕਿ ਫੈਡਰਲ ਸਰਕਾਰ ਮਹਾਂਮਾਰੀ ਦੀ ਇਸ ਤੀਜੀ ਵੇਵ ਦਰਮਿਆਨ ਕੈਨੇਡੀਅਨਾਂ ਦਾ ਸਮਰਥਨ ਕਰਨਾ ਜਾਰੀ ਰੱਖੇਗਾ।ਟਰੂਡੋ ਨੇ ਆਖਿਆ ਕਿ ਅਸੀਂ ਅਜਿਹੀ ਸਥਿਤੀ ਵਿੱਚ ਫਸੇ ਹੋਏ ਹਾਂ ਜਿੱਥੇ ਹਰ ਕੋਈ ਹੰਭ ਚੁੱਕਿਆ ਹੈ। ਪਰਿਵਾਰ, ਵਰਕਰਜ਼, ਕਾਰੋਬਾਰ, ਫਰੰਟ ਲਾਈਨ ਵਰਕਰਜ਼ ਸਗੋਂ ਲੀਡਰ ਵੀ ਅੱਕ ਥੱਕ ਚੁੱਕੇ ਹਨ। ਇਹ ਸਾਲ ਕਾਫੀ ਲੰਮਾਂ ਰਿਹਾ ਹੈ।
ਟਰੂਡੋ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਉਨ੍ਹਾਂ ਵੱਲੋਂ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨਾਲ ਮੰਗਲਵਾਰ ਨੂੰ ਗੱਲ ਕੀਤੀ ਜਾਣੀ ਸੀ ਤੇ ਹੁਣ ਉਹ ਕੱਲ੍ਹ ਨੂੰ ਪ੍ਰੀਮੀਅਰਜ਼ ਨਾਲ ਗੱਲ ਕਰਨਗੇ। ਟਰੂਡੋ ਨੇ ਆਖਿਆ ਕਿ ਉਹ ਹਰ ਹੱਲ ਲੱਭਣਗੇ ਜਿਸ ਰਾਹੀਂ ਫੈਡਰਲ ਸਰਕਾਰ ਪ੍ਰੋਵਿੰਸਾਂ ਦੀ ਮਦਦ ਕਰ ਸਕੇ। ਇਸ ਵਿੱਚ ਵੈਕਸੀਨੇਸ਼ਨ ਦੀ ਵੰਡ ਵੀ ਸ਼ਾਮਲ ਹੈ। ਟਰੂਡੋ ਨੇ ਆਖਿਆ ਕਿ ਉਹ ਜਾਣਦੇ ਹਨ ਕਿ ਹਸਪਤਾਲਾਂ ਲਈ ਕੋਵਿਡ-19 ਦੇ ਮਾਮਲਿਆਂ ਵਿੱਚ ਹੋਣ ਵਾਲੇ ਵਾਧੇ ਦੇ ਕੀ ਮਾਇਨੇ ਹਨ। ਇਸ ਦੇ ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਵੈਕਸੀਨੇਟ ਕੀਤੇ ਜਾਣ ਤੇ ਜਲਦ ਤੋਂ ਜਲਦ ਵੈਕਸੀਨੇਟ ਕੀਤੇ ਜਾਣ ਦੀ ਕੀ ਅਹਿਮੀਅਤ ਹੈ।
ਉਨ੍ਹਾਂ ਆਖਿਆ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨੂੰ 10 ਮਿਲੀਅਨ ਡੋਜ਼ਾਂ ਮੁਹੱਈਆ ਕਰਵਾ ਚੁੱਕੀ ਹੈ ਪਰ ਪਿਛਲੀ ਰਾਤ 3·5 ਮਿਲੀਅਨ ਡੋਜ਼ਾਂ ਨਹੀਂ ਲਾਈਆਂ ਗਈਆਂ। ਓਨਟਾਰੀਓ ਦੇ ਫਰੀਜ਼ਰਜ਼ ਵਿੱਚ 1·5 ਮਿਲੀਅਨ ਸ਼ੌਟਸ ਪਏ ਸਨ। ਪ੍ਰਧਾਨ ਮੰਤਰੀ ਨੇ ਇਹ ਐਲਾਨ ਵੀ ਕੀਤਾ ਕਿ ਸੇਫ ਰੀਸਟਾਰਟ ਫੰਡ ਦੀ ਆਖਰੀ ਇੰਸਟਾਲਮੈਂਟ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨੂੰ ਦਿੱਤੀ ਜਾਵੇਗੀ। ਇਸ ਵਿੱਚੋਂ 700 ਮਿਲੀਅਨ ਡਾਲਰ ਟੈਸਟਿੰਗ ਵਿੱਚ ਮਦਦ ਲਈ ਦਿੱਤੇ ਜਾਣਗੇ।
ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਖਿਆ ਕਿ ਜੇ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਮਹਾਂਮਾਰੀ ਬਾਰੇ ਟਰੂਡੋ ਸਰਕਾਰ ਦੀ ਪ੍ਰਤੀਕਿਰਿਆ ਦੀ ਜਨਤਕ ਜਾਂਚ ਕਰਵਾਉਣਗੇ।ਚੀਫ ਪਬਲਿਕ ਹੈਲਥ ਆਫੀਸਰ ਡਾ· ਥੈਰੇਸਾ ਟੈਮ ਦਾ ਕਹਿਣਾ ਹੈ ਕਿ ਉਹ ਇੱਕ ਪ੍ਰੋਵਿੰਸ ਤੋਂ ਦੂਜੇ ਪ੍ਰੋਵਿੰਸ ਟਰੈਵਲ ਕਰਨ ਦੇ ਲੋਕਾਂ ਦੇ ਰੁਝਾਨ ਨੂੰ ਲੈ ਕੇ ਕਾਫੀ ਚਿੰਤਤ ਹਨ ਕਿਉਂਕਿ ਦੇਸ਼ ਭਰ ਵਿੱਚ ਕੋਵਿਡ-19 ਵੇਰੀਐਂਟਸ ਤੇਜ਼ੀ ਨਾਲ ਫੈਲ ਰਹੇ ਹਨ।