– ਸਿੱਖਾਂ ਨੇ ਜਿਸ ਵੀ ਮੁਲਕ ‘ਚ ਕੰਮ ਕੀਤਾ, ਉਥੇ ਦੀ ਸ਼ਾਨ ਵਧਾਈ : ਪ੍ਰਿੰਸ ਚਾਰਲਸ

ਨਵੀਂ ਦਿੱਲੀ, 13 ਨਵੰਬਰ : ਇੰਗਲੈਂਡ ਦੇ ਸਹਿਜ਼ਾਦੇ ਪ੍ਰਿੰਸ ਆਫ ਵੇਲਜ਼ ਪ੍ਰਿੰਸ ਚਾਰਲਸ ਅੱਜ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਉਹਨਾਂ ਲੰਗਰ ਹਾਲ ਵਿਚ ਜਾ ਕੇ ਲੰਗਰ ਦੀ ਵੀ ਸੇਵਾ ਕੀਤੀ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ, ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ, ਸ੍ਰ ਕੁਲਵੰਤ ਸਿੰਘ ਬਾਠ, ਪਰਮਜੀਤ ਸਿੰਘ ਚੰਡੋਕ ਤੇ ਹੋਰਨਾਂ ਨੇ ਪ੍ਰਿੰਸ ਚਾਰਲਸ ਨੂੰ ਸਿਰੋਪਾ ਦੇ ਕੇ ਸਨਮਾਨਤ ਕੀਤਾ ਤੇ ਸਿਰੀ ਸਾਹਿਬ ਭੇਂਟ ਕੀਤੀ।

ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਸਿਰਸਾ ਨੇ ਦੱਸਿਆ ਕਿ ਪ੍ਰਿੰਸ ਚਾਰਲਸ ਪ੍ਰਿੰਸ ਆਫ ਵੇਲਜ਼ ਅੱਜ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ‘ਤੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਉਹਨਾਂ ਦੇ ਨਾਲ ਭਾਈ ਮਹਿੰਦਰ ਸਿੰਘ ਯੂ ਕੇ ਵਾਲੇ ਅਤੇ ਹੋਰ ਸ਼ਖਸੀਅਤਾਂ ਵੀ ਸਨ।

ਉਹਨਾਂ ਦੱਸਿਆ ਕਿ ਪ੍ਰਿੰਸ ਚਾਰਲਸ ਨੇ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਇਸ ਅਸਥਾਨ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਬਹੁਤ ਦਿਚਸਪੀ ਵਿਖਾਈ। ਉਹਨਾਂ ਨੇ ਵੱਡੀ ਗਿਣਤੀ ਦੀ ਸੰਗਤ ਵਿਚ ਇਥੇ ਆਮਦ ਤੇ ਉਸ ਲਈ ਲੰਗਰ ਤਿਆਰ ਕਰਨ ਅਤੇ ਵਰਤਾਉਣ ਦੀ ਪ੍ਰਕਿਰਿਆ ਜਾਣਨ ਦੀ ਇੱਛਾ ਪ੍ਰਗਟ ਕੀਤੀ। ਉਹਨਾਂ ਨੇ ਲੰਗਰ ਹਾਲ ਵਿਚ ਜਾ ਕੇ ਖੁਦ ਪਰਸ਼ਾਦੇ ਬਣਾਉਣ ਦੀ ਸੇਵਾ ਵੀ ਕੀਤੀ।

ਇਸ ਮੌਕੇ ਪ੍ਰਿੰਸ ਚਾਰਲਸ ਨੇ ਖੁਦ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਸਾਰੀ ਦੁਨੀਆ ਵਿਚ ਫੈਲ ਰਿਹਾ ਹੈ ਅਤੇ ਇਕ ਬਹਾਦਰ ਕੌਮ ਵਜੋਂ ਜਾਣੇ ਜਾਂਦੇ ਸਿੱਖ ਜਿਸ ਵੀ ਮੁਲਕ ਵਿਚ ਜਾਂਦੇ ਹਨ, ਉਥੇ ਦੀ ਤਰੱਕੀ ਅਤੇ ਖੁਸ਼ਹਾਲੀ ਵਾਸਤੇ ਕੰੰਮ ਕਰਦੇ ਹਨ। ਇਹਨਾਂ ਨੇ ਇੰਗਲੈਂਡ, ਕੈਨੇਡਾ ਤੇ ਜਿਸ ਵੀ ਮੁਲਕ ਵਿਚ ਜਾ ਕੇ ਵਾਸਾ ਕੀਤਾ, ਉਥੇ ਦੀ ਤਕਦੀਰ ਬਦਲਣ ਵਾਸਤੇ ਕੋਈ ਕਸਰ ਨਹੀਂ ਛੱਡੀ।

ਜਦੋਂ ਪ੍ਰਿੰਸ ਚਾਰਲਸ ਨੂੰ ਸਿਰੀ ਸਾਹਿਬ ਭੇਂਟ ਕੀਤੀ ਗਈ ਤਾਂ ਉਹਨਾਂ ਨੇ ਇਸ ਬਾਰੇ ਪੁੱਛਿਆ ਤਾਂ ਸ੍ਰੀ ਸਿਰਸਾ ਨੇ ਦੱਸਿਆ ਕਿ ਸਿਰੀ ਸਾਹਿਬ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਕੀਤੀ ਬਖਸ਼ਿਸ਼ ਹੈ ਅਤੇ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਪ੍ਰਤੀਕ ਹੈ। ਇਸ ‘ਤੇ ਪ੍ਰਿੰਸ ਚਾਰਲਸ ਨੇ ਆਸ ਪ੍ਰਗਟ ਕੀਤੀ ਕਿ ਇੰਗਲੈਂਡ ਵਿਚ ਵੀ ਇਹ ਸਿਰੀ ਸਾਹਿਬ ਇਸ ਸਿਧਾਂਤ ਦੀ ਪਹਿਰੇਦਾਰੀ ਕਰੇਗੀ।

ਸ੍ਰੀ ਸਿਰਸਾ ਨੇ ਇਸ ਮੌਕੇ ਇੰਗਲੈਂਡ ਦੀ ਸੰਗਤ ਨੂੰ ਵਧਾਈ ਵੀ ਦਿੱਤੀ ਅਤੇ ਧੰਨਵਾਦ ਵੀ ਕੀਤਾ।