ਲਾਸ ਏਂਜਲਸ:ਹੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਭਾਰਤ ਦੀ ਅਕੈਡਮੀ ਐਵਾਰਡਜ਼ ਲਈ ਨਾਮਜ਼ਦ ਫਿਲਮ ਛੇਲੋ ਸ਼ੋਅ (ਲਾਸਟ ਫਿਲਮ ਸ਼ੋਅ) ਦੀ ਆਸਕਰਜ਼ ਦੇ ਵੋਟਰਾਂ ਲਈ ਲਾਸ ਏਂਜਲਸ ਵਿੱਚ ਰੱਖੀ ਵਿਸ਼ੇਸ਼ ਸਕਰੀਨਿੰਗ ਦੀ ਮੇਜ਼ਬਾਨੀ ਕੀਤੀ। ਇਸ ਦੌਰਾਨ ਅਕੈਡਮੀ ਆਫ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਜ਼ ਦੇ ਮੈਂਬਰਾਂ ਵਾਸਤੇ ਰਾਤ ਦੇ ਭੋਜ ਦਾ ਵੀ ਪ੍ਰਬੰਧ ਕੀਤਾ ਗਿਆ ਸੀ। 95ਵੇਂ ਅਕੈਡਮੀ ਐਵਾਰਡਜ਼ ਲਈ ਸਰਬੋਤਮ ਕੌਮਾਂਤਰੀ ਫੀਚਰ ਫਿਲਮ ਦੀ ਸ਼੍ਰੇਣੀ ਵਿੱਚ ਭਾਰਤ ਦੀ ‘ਲਾਸਟ ਫਿਲਮ ਸ਼ੋਅ’, ਕੋਰੀਆ ਦੀ ‘ਡਿਸੀਜ਼ਨ ਟੂ ਲੀਵ’, ‘ਡੈਨਮਾਰਕ ਦੀ ‘ਹੋਲੀ ਸਪਾਈਡਰ’ ਅਤੇ ਪਾਕਿਸਤਾਨ ਦੀ ‘ਜੌਏਲੈਂਡ’ ਸਮੇਤ ਕੁੱਲ 15 ਫਿਲਮਾਂ ਨਾਮਜ਼ਦ ਹਨ। ਫਿਲਮ ਦੀ ਸਕਰੀਨਿੰਗ ਮੌਕੇ ਫਿਲਮ ਦਾ ਅਦਾਕਾਰ ਭਾਵਿਨ ਰਬਰੀ, ਨਿਰਦੇਸ਼ਕ ਪਾਨ ਨਾਲਿਨ ਅਤੇ ਨਿਰਮਾਤਾ ਧੀਰ ਮੋਮਾਇਆ ਸਮੇਤ ਅਕੈਡਮੀ ਮੈਂਬਰਜ਼ ਵੀ ਹਾਜ਼ਰ ਸਨ। ਪ੍ਰਿਯੰਕਾ ਨੇ ਕਿਹਾ, ‘‘ਮੈਂ ਸਮਝਦੀ ਹਾਂ ਕਿ ਸਾਡੀਆਂ ਫਿਲਮਾਂ ਲਈ ਇਹ ਬਹੁਤ ਚੰਗਾ ਸਮਾਂ ਹੈ। ਮੈਨੂੰ ਆਪਣੇ ਦੇਸ਼ ਅਤੇ ਸਿਨੇ ਜਗਤ ਦੇ ਲੋਕਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਵਿੱਚ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ। ਪਾਨ ਨਾਲਿਨ ਸਾਡੇ ਦੇਸ਼ ਦੇ ਸਭ ਤੋਂ ਮਸ਼ਹੂਰ ਫਿਲਮ ਨਿਰਮਾਤਾਵਾਂ ’ਚੋਂ ਇੱਕ ਹਨ। ਉਨ੍ਹਾਂ ਵੱਲੋਂ ਬਣਾਈ ਫਿਲਮ ‘ਐਂਗਰੀ ਇੰਡੀਅਨ ਗੌਡੈਸਜ਼’ ਮੈਨੂੰ ਬਹੁਤ ਪਸੰਦ ਹੈ। ਇਹ ਫਿਲਮ ਦੇਖਦਿਆਂ ਹੀ ਮੈਂ ਉਨ੍ਹਾਂ ਦੀ ਪ੍ਰਸ਼ੰਸਕ ਬਣ ਗਈ ਸੀ। ਮੈਂ ਉਨ੍ਹਾਂ ਦੀ ਫਿਲਮ ‘ਲਾਸਟ ਫਿਲਮ ਸ਼ੋਅ’ ਦੇਖਣ ਲਈ ਬਹੁਤ ਉਤਾਵਲੀ ਸੀ।’’