ਮੁੰਬਈ:ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੀ ਆਉਣ ਵਾਲੀ ਸੀਰੀਜ਼ ‘ਸਿਟਾਡੇਲ’ ਦੀ ਸ਼ੂਟਿੰਗ ਮੁਕੰਮਲ ਕਰ ਲਈ ਹੈ। ਐਮਾਜ਼ੋਨ ਸਟੂਡੀਓਜ਼ ਦੀ ਇਹ ਸੀਰੀਜ਼ ‘ਏਵੈਂਜਰਜ਼: ਐਂਡਗੇਮ’ ਦੇ ਨਿਰਦੇਸ਼ਕ ਐਂਥਨੀ ਅਤੇ ਜੋਅ ਰੂਸੋ ਦੇ ਨਿਰਦੇਸ਼ਨ ਹੇਠ ਬਣੀ ਹੈ। 39 ਸਾਲਾ ਅਦਾਕਾਰਾ ਨੇ ਜਨਵਰੀ ਵਿੱਚ ਇਸ ਦੀ ਸ਼ੂਟਿੰਗ ਸ਼ੁਰੂ ਕੀਤੀ ਸੀ। ਉਸ ਨੇ ਇੰਸਟਾਗ੍ਰਾਮ ’ਤੇ ਸ਼ੋਅ ਦੇ ਕਲਾਕਾਰਾਂ ਅਤੇ ਬਾਕੀ ਟੀਮ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਆਖਿਆ, ‘‘ਸੀਟਾਡੇਲ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਬਹੁਤ ਔਖੇ ਸਮੇਂ ਦੌਰਾਨ ਪੂਰਾ ਸਾਲ ਔਖਾ ਕੰਮ ਕੀਤਾ। ਸ਼ਾਨਦਾਰ ਟੀਮ ਤੋਂ ਬਗੈਰ ਇਹ ਕੰਮ ਕਰਨਾ ਸੰਭਵ ਨਹੀਂ ਹੋ ਸਕਦਾ ਸੀ।

ਕਈਆਂ ਨੂੰ ਤੁਸੀਂ ਤਸਵੀਰ ਵਿੱਚ ਦੇਖ ਸਕਦੇ ਹੋ ਤੇ ਕਈਆਂ ਨੂੰ ਨਹੀਂ। ਇਹ ਔਖਾ ਰਿਹਾ ਪਰ ਜਦੋਂ ਤੁਸੀਂ ਸਾਰੇ ਇਸ ਨੂੰ ਦੇਖੋਗੇ, ਇਸ ਦੀ ਕੀਮਤ ਪਤਾ ਲੱਗੇਗੀ।’’‘ਸਿਟਾਡੇਲ’ ਮਲਟੀ-ਸੀਰੀਜ਼ ਫਰੈਂਚਾਈਜ਼ ਹੈ, ਜੋ ਇਟਲੀ, ਭਾਰਤ ਅਤੇ ਮੈਕਸੀਕੋ ਵਿੱਚ ਬਣਾਈ ਜਾਂਦੀ ਹੈ। ਚੋਪੜਾ ਅਤੇ ‘ਗੇਮ ਆਫ ਥਰੋਨਜ਼’ ਵਿੱਚ ਕੰਮ ਕਰਨ ਵਾਲਾ ਰਿਚਰਡ ਮੈਡਨ ਅਮਰੀਕੀ ਸੰਸਕਰਨ ਦੀਆਂ ਸੁਰਖੀਆਂ ਵਿੱਚ ਹਨ। ਇਸ ਵਿੱਚ ‘ਸਕਾਈਸਕ੍ਰੈਪਰ’ ਅਤੇ ‘ਪੈਪਿਲਨ’ ਵਰਗੀਆਂ ਫਿਲਮਾਂ ਲਈ ਜਾਣੇ ਜਾਂਦੇ ਅਦਾਕਾਰ ਰੋਲੈਂਡ ਮੋਲਰ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਭਾਰਤੀ ਸੀਰੀਜ਼ ‘ਦਿ ਫੈਮਿਲੀ ਮੈਨ’ ਦੀ ਨਿਰਦੇਸ਼ਕ ਜੋੜੀ ਰਾਜ ਨਿਦੀਮੋਰੂ ਅਤੇ ਕ੍ਰਿਸ਼ਨਾ ਡੀਕੇ ਵੱਲੋਂ ਤਿਆਰ ਕੀਤੀ ਜਾਵੇਗੀ। ਐਕਸ਼ਨ ਨਾਲ ਭਰਪੂਰ ਇਸ ਜਾਸੂਸੀ ਸੀਰੀਜ਼ ਦੇ ਕਾਰਜਕਾਰੀ ਨਿਰਮਾਤਾ ਰੂਸੋ ਬ੍ਰਦਰਜ਼ ਅਤੇ ਏਬੀਸੀ ਸਟੂਡੀਓ ਦੇ ਸਾਬਕਾ ਪ੍ਰਧਾਨ ਪੈਟਰਿਕ ਮੋਰਨ ਸਮੇਤ ਮਾਈਕ ਲਾਰੋਕਾ ਹਨ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਆਉਂਦੇ ਦਿਨਾਂ ਵਿੱਚ ਕੇਨੂ ਰੀਵਜ਼ ਦੀ ਅਗਵਾਈ ਵਾਲੀ ‘ਦਿ ਮੈਟਰਿਕਸ ਰੀਸਰੈਕਸ਼ਨਜ਼’ ਵਿੱਚ ਦਿਖਾਈ ਦੇਵੇਗੀ। ਇਹ ਫਿਲਮ 22 ਦਸੰਬਰ ਨ ਰਿਲੀਜ਼ ਹੋਵੇਗੀ।