ਨਵੀਂ ਦਿੱਲੀ:ਬਰਤਾਨਵੀ ਅਦਾਕਾਰਾ ਜੈਸਿਕਾ ਹੈਨਵਿਕ ਨੇ ‘ਦਿ ਮੈਟ੍ਰਿਕਸ ਰੀਸਰੱਕਸ਼ਨਜ਼’ ਦੀ ਸਹਿ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਦੀ ਤਾਰੀਫ ਕਰਦਿਆਂ ਕਿਹਾ ਕਿ ਉਹ ਬਹੁਤ ਪ੍ਰਤਿਭਾਸ਼ਾਲੀ ਅਤੇ ਪੇਸ਼ੇਵਰ ਹੈ। ਫ਼ਿਲਮ ਦੇ ਸੈੱਟ ’ਤੇ ਪ੍ਰਿਯੰਕਾ ਨਾਲ ਮੁਲਾਕਾਤ ਦੇ ਪਲ ਯਾਦ ਕਰਦਿਆਂ ਜੈਸਿਕਾ ਨੇ ਕਿਹਾ, ‘‘ਮੈਂ ਉਸ ਨੂੰ ਪਿਆਰ ਕਰਦੀ ਹਾਂ। ਉਹ ਬਹੁਤ ਪਿਆਰੀ ਹੈ। ਉਸ ਨੂੰ ਦੁਆਵਾਂ ਦਿਓ ਕਿਉਂਕਿ ਸੈੱਟ ’ਤੇ ਉਸ ਦਾ ਪਹਿਲਾ ਦਿਨ ਸੌਖਾ ਨਹੀਂ ਸੀ।’’ 29 ਸਾਲਾ ਅਦਾਕਾਰਾ ਨੇ ਕਿਹਾ, ‘‘ਪ੍ਰਿਯੰਕਾ ਨੇ 10 ਪੰਨਿਆਂ ਦਾ ਇਕ ਭਾਸ਼ਨ (ਮੋਨੋਲੋਗ) ਦਿੱਤਾ ਸੀ ਜਿਸ ’ਚ ਉਸ ਨੇ ਦੱਸਿਆ ਸੀ ਕਿ  ਉਸ ਲਈ ਕੁਝ ਵੀ ਸੌਖਾ ਨਹੀਂ ਸੀ।’’  

   ਹੈਨਵਿਕ ‘ਸਟਾਰ ਵਾਰਜ਼: ਦਿ ਫੋਰਸ ਅਵੇਕਨਜ਼’, ‘ਔਨ ਦਿ ਰੌਕਸ’, ‘ਲਵ ਐਂਡ ਮੌਨਸਟਰਜ਼’ ਅਤੇ ‘ਗੇਮ ਆਫ ਥਰੋਨਜ਼’ ਵਰਗੇ ਵੱਡੇ ਪ੍ਰਾਜੈਕਟਾਂ ਵਿੱਚ ਕੰਮ ਕਰ ਚੁੱਕੀ ਹੈ।  ਜਦੋਂ  ਉਸ ਨੂੰ ਪੁੱਛਿਆ ਗਿਆ ਕਿ ‘ਦਿ ਮੈਟ੍ਰਿਕਸ ਰੈਸਰੱਕਸ਼ਨਜ਼’ ਵਰਗੀ ਫਿਲਮ ਵਿੱਚ ਕੰਮ ਕਰਨਾ ਬਾਕੀ ਫਿਲਮਾਂ ਨਾਲੋਂ ਕਿੰਨਾ ਕੁ ਵੱਖਰਾ ਸੀ ਤਾਂ ਉਸ ਨੇ ਕਿਹਾ ਕਿ ਮੈਟ੍ਰਿਕਸ ਨੇ ਫਿਲਮ, ਸੰਗੀਤ ਸ਼ੈਲੀ ਅਤੇ ਸ਼ਬਦਾਵਲੀ ਨੂੰ ਬਦਲ ਦਿੱਤਾ ਹੈ। ਇਸ ਨੇ ਹਰ ਚੀਜ਼ ਪ੍ਰਭਾਵਿਤ ਕੀਤੀ ਹੈ।  ਇਹ  ਫਿਲਮ  ਕਾਫੀ ਵੱਖਰੀ ਹੈ ਪਰ ਮੈਨੂੰ  ਲੱਗਦਾ ਹੈ  ਕਿ ਪਹਿਲਾਂ ਕੀਤਾ ਕੰਮ ਮੈਟ੍ਰਿਕਸ ਵਿੱਚ ਕੰਮ ਆਇਆ। ਜ਼ਿਕਰਯੋਗ ਹੈ ਕਿ ਇਹ ਫ਼ਿਲਮ ਵਾਰਨਰ  ਬ੍ਰਦਰਜ਼  ਪਿਕਚਰਜ਼  ਦੇ ਬੈਨਰ  ਹੇਠ  ਰਿਲੀਜ਼ ਹੋਈ ਹੈ।