ਲੰਡਨ, 12 ਫਰਵਰੀ
ਅਦਾਕਾਰਾ-ਪ੍ਰੋਡਿਊਸਰ ਪ੍ਰਿਯੰਕਾ ਚੋਪੜਾ ਜੋਨਸ ਨੂੰ ਅੱਜ ਆਪਣੀ ਪਹਿਲੀ ਪੁਸਤਕ ‘ਅਨਫਿਨਿਸ਼ਡ: ਏ ਮੈਮੋਇਰ’ ਦੇ ਰਿਲੀਜ਼ ਹੋਣ ਨਾਲ ਲੇਖਿਕਾ ਬਣਨ ਦਾ ਮਾਣ ਵੀ ਹਾਸਲ ਹੋ ਗਿਆ ਹੈ। ਇਸ ਪੁਸਤਕ ’ਚ ਅਦਾਕਾਰਾ ਨੇ ਖੁਦ ਨੂੰ ‘ਇਮਾਨਦਾਰ, ਅਧੂਰਾ ਤੇ ਕਮਜ਼ੋਰ ਦੱਸਿਆ ਹੈ। 60 ਤੋਂ ਵੱਧ ਬੌਲੀਵੁੱਡ ਤੇ ਹੌਲੀਵੁੱਡ ਫ਼ਿਲਮਾਂ ਅਤੇ ਸੋਅਜ਼ ਵਿੱਚ ਕੰਮ ਕਰਨ ਵਾਲੀ ਅਦਾਕਾਰਾ ਨੇ ਪਿਛਲੇ ਸਾਲ ਕਰੋਨਾ ਵਾਇਰਸ ਮਹਾਮਾਰੀ ਕਾਰਨ ਲਾਗੂ ਤਾਲਾਬੰਦੀ ਦੌਰਾਨ ਆਪਣੀ ਗੈਰ-ਕਲਪਿਤ ਕਹਾਣੀ ਨੂੰ ਕਿਤਾਬੀ ਰੂਪ ਦਿੱਤਾ। ਪ੍ਰਿਯੰਕਾ ਨੇ ਆਖਿਆ,‘‘ਇਸ ਪੁਸਤਕ ਨੂੰ ਲਿਖਣ ਵਿਚ ਦੋ ਸਾਲ ਲੱਗੇ ਪਰ ਜ਼ਿਆਦਾਤਰ ਕੰਮ ਮੈਂ ਇਕਾਂਤਵਾਸ ਦੌਰਾਨ ਹੀ ਨੇਪਰੇ ਚਾੜ੍ਹਿਆ।
ਮੈਂ ਪਿਛਲੇ ਛੇ ਮਹੀਨੇ ਤੋਂ ਘਰ ਸੀ। ਇਹ ਮੇਰੀ ਜ਼ਿੰਦਗੀ ਦਾ ਪਹਿਲਾ ਮੌਕਾ ਸੀ ਜਦੋਂ ਮੈਨੂੰ ਤਾਲਾਬੰਦੀ ਦੌਰਾਨ ਇਕ ਥਾਂ ਰਹਿਣ ਦਾ ਮੌਕਾ ਮਿਲਿਆ। ਮੈਂ ਸਮਝਦੀ ਹਾਂ ਕਿ ਤਾਲਾਬੰਦੀ ਨੇ ਪੁਸਤਕ ਲਿਖਣ ਵਿਚ ਮੇਰੀ ਕਾਫੀ ਮਦਦ ਕੀਤੀ। ਮੈਂ ਆਪਣੀ ਜ਼ਿੰਦਗੀ ਬਾਰੇ ਲਿਖ ਚੁੱਕੀ ਹਾਂ ਪਰ ਕਦੇ ਕਿਤਾਬ ਨਹੀਂ ਲਿਖੀ। ਕੁਝ ਲਿਖਣਾ ਮੇਰੇ ਲਈ ਮਾਣ ਵਾਲੀ ਗੱਲ ਸੀ ਅਤੇ ਡਰ ਵੀ ਲੱਗਦਾ ਸੀ, ਜਿਸ ਕਾਰਨ ਮੈਂ ਲਿਖਣਾ ਚਾਹੁੰਦੀ ਸੀ।’’ਅਦਾਕਾਰਾ ਨੇ ਆਖਿਆ,‘‘ ਮੈਂ ਆਸ ਕਰਦੀ ਹਾਂ ਕਿ ਜਿਹੜੇ ਲੋਕ ਮੈਨੂੰ ਜਾਣਦੇ ਹਨ ਉਹ ਮੈਨੂੰ ਇਕ ਸ਼ਖ਼ਸੀਅਤ ਅਤੇ ਇਕ ਲੜਕੀ ਵਾਂਗ ਦੇਖਣਗੇ। ਜਿਹੜੇ ਲੋਕ ਮੈਨੂੰ ਮੇਰੀ ਕਿਤਾਬ ਰਾਹੀਂ ਜਾਨਣਗੇ ਮੈਂ ਉਨ੍ਹਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਮੇਰੀ ਪਹਿਲੀ ਕੋਸ਼ਿਸ਼ ਲਈ ਮੈਨੂੰ ਇਕ ਮੌਕਾ ਦੇਣ ਕਿਉਂਕਿ ਇਹ ਇਕ ਛੋਟੇ ਸ਼ਹਿਰ ਦੀ ਲੜਕੀ ਦੀ ਕਹਾਣੀ ਹੈ ਜਿਸ ਨੇ ਆਪਣੇ ਦਮ ’ਤੇ ਆਪਣਾ ਕਰੀਅਰ ਬਣਾਇਆ।