ਲਖਨਊ, 6 ਅਕਤੂਬਰ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਅੱਜ ਸ਼ਾਮ ਸੀਤਾਪੁਰ ਪੀਏਸੀ ਦੀ ਦੂਜੀ ਬਟਾਲੀਅਨ ਦੇ ਗੈਸਟ ਹਾਊਸ ਤੋਂ ਰਿਹਾਅ ਹੋਣ ਮਗਰੋਂ ਰਾਹੁਲ ਗਾਂਧੀ ਤੇ ਕਾਂਗਰਸ ਪਾਰਟੀ ਦੇ ਹੋਰ ਆਗੂਆਂ ਨਾਲ ਲਖੀਮਪੁਰ ਖੀਰੀ ਲਈ ਰਵਾਨਾ ਹੋ ਗਈ। ਜ਼ਿਕਰਯੋਗ ਹੈ ਕਿ ਪ੍ਰਿਯੰਕਾ ਗਾਂਧੀ ਤੇ ਪਾਰਟੀ ਦੇ ਕੁਝ ਹੋਰ ਆਗੂਆਂ ਨੂੰ ਪੀਏਸੀ ਕੰਪਲੈਕਸ ਵਿਚ ਹਿਰਾਸਤ ’ਚ ਰੱਖਿਆ ਹੋਇਆ ਸੀ। ਸੀਤਾਪੁਰ ਤੋਂ ਰਾਹੁਲ ਆਪਣੀ ਭੈਣ ਪ੍ਰਿਯੰਕਾ ਦੇ ਨਾਲ ਇਕ ਵਾਹਨ ਵਿਚ ਜਦਕਿ ਕਾਂਗਰਸ ਦੇ ਜਨਰਲ ਸਕੱਤਰ ਕੇ.ਸੀ. ਵੈਣੂਗੋਪਾਲ ਤੇ ਰਣਦੀਪ ਸੁਰਜੇਵਾਲਾ ਦੂਜੇ ਵਾਹਨ ਵਿਚ ਰਵਾਨਾ ਹੋਏ। ਕਾਫ਼ਲੇ ਵਿਚ ਸ਼ਾਮਲ ਤੀਜੇ ਵਾਹਨ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਹਨ। ਇਸੇ ਦੌਰਾਨ ਸੀਤਾਪੁਰ ਦੇ ਐੈੱਸਡੀਐੱਮ ਪਿਆਰੇ ਲਾਲ ਮੌਰਿਆ ਨੇ ਦੱਸਿਆ ਕਿ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ’ਚੋਂ ਛੱਡ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਰਾਹੁਲ ਗਾਂਧੀ ਅੱਜ ਦਿਨ ਵਿਚ ਲਖਨਊ ਤੋਂ ਸੀਤਾਪੁਰ ਸਥਿਤ ਪੀਏਸੀ ਦੀ ਦੂਜੀ ਬਟਾਲੀਅਨ ਪਹੁੰਚੇ ਸਨ।
ਇਸ ਤੋਂ ਪਹਿਲਾਂ ਰਾਹੁਲ ਗਾਂਧੀ ਲਖਨਊ ਹਵਾਈ ਅੱਡੇ ‘ਤੇ ਪਹੁੰਚੇ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਜਦੋਂ ਆਪਣੀ ਗੱਡੀ ’ਚ ਬਾਹਰ ਜਾਣ ਦੀ ਇਜਾਜ਼ਤ ਨਾ ਦਿੱਤੀ ਗਈ ਤਾਂ ਉਹ ਹਵਾਈ ਅੱਡੇ ਦੇ ਅਹਾਤੇ ’ਚ ਧਰਨੇ ’ਤੇ ਬੈਠ ਗਏ। ਸ੍ਰੀ ਗਾਂਧੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਲਖਨਊ ਹਵਾਈ ਅੱਡੇ ‘ਤੇ ਪਹੁੰਚੇ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਥਿਤ ਤੌਰ ‘ਤੇ ਪੁਲੀਸ ਦੀ ਕਾਰ ਵਿੱਚ ਬਿਠਾ ਕੇ ਦੂਜੇ ਰਸਤੇ ਜਾਣ ਲਈ ਕਿਹਾ। ਇਸ ਤੋਂ ਨਾਰਾਜ਼ ਹੋ ਕੇ ਗਾਂਧੀ ਹਵਾਈ ਅੱਡੇ ਦੇ ਅਹਾਤੇ ਵਿਚ ਹੀ ਧਰਨੇ ‘ਤੇ ਬੈਠ ਗਏ। ਇਸ ਦੌਰਾਨ ਕਾਂਗਰਸੀ ਆਗੂਆਂ ਦੇ ਲਖੀਮਪੁਰ ਤੇ ਸੀਤਾਪੁਰ ਆਉਣ ਤੋਂ ਪਹਿਲਾਂ ਹੀ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ ਗਈ।