ਨਵੀਂ ਦਿੱਲੀ, 31 ਜੁਲਾਈ
ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਨੇ ਡੋਪ ਟੈਸਟ ਫੇਲ੍ਹ ਹੋਣ ਮਗਰੋਂ ਭਾਰਤ ਦੇ ਹੁਨਰਮੰਦ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਅ ’ਤੇ ਅੱਜ ਅੱਠ ਮਹੀਨਿਆਂ ਦੀ ਪਾਬੰਦੀ ਲਾ ਦਿੱਤੀ ਹੈ, ਜੋ 16 ਮਾਰਚ ਤੋਂ 15 ਨਵੰਬਰ 2019 ਤੱਕ ਲਾਗੂ ਰਹੇਗੀ। ਉਸ ਨੇ ਵੈਸਟ ਇੰਡੀਜ਼ ਖ਼ਿਲਾਫ਼ 2018 ਵਿੱਚ ਦੋ ਟੈਸਟ ਮੈਚ ਖੇਡੇ ਸਨ। ਸ਼ਾਅ ਤੋਂ ਇਲਾਵਾ ਦੋ ਹੋਰ ਘਰੇਲੂ ਖਿਡਾਰੀਆਂ ਵਿਦਰਭ ਦੇ ਅਕਸ਼ੈ ਦੁਲਾਰਵਰ ਅਤੇ ਰਾਜਸਥਾਨ ਦੇ ਦਿਵਿਆ ਗਜਰਾਜ ਨੂੰ ਵੀ ਕ੍ਰਿਕਟ ਬੋਰਡ ਦੀ ਡੋਪਿੰਗ ਰੋਕੂ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ।
ਰਿਪੋਰਟਾਂ ਅਨੁਸਾਰ ਉਹ ਕੌਮੀ ਕ੍ਰਿਕਟ ਅਕੈਡਮੀ ਵਿੱਚ ਆਪਣੀ ਸੱਟ ਦਾ ਇਲਾਜ ਕਰਵਾ ਰਿਹਾ ਹੈ। ਸ਼ਾਅ ਦਾ ਸੱਯਦ ਮੁਸ਼ਤਾਕ ਅਲੀ ਟਰਾਫ਼ੀ ਦੌਰਾਨ 22 ਫਰਵਰੀ 2019 ਨੂੰ ਡੋਪ ਟੈਸਟ ਲਿਆ ਗਿਆ ਸੀ। ਉਸ ਦੇ ਪਿਸ਼ਾਬ ਦੇ ਨਮੂਨੇ ਵਿੱਚ ‘ਟਰਬੂਟੇਲਾਈਨ’ ਨਾਮ ਦਾ ਪਾਬੰਦੀਸ਼ੁਦਾ ਪਦਾਰਥ ਪਾਇਆ ਗਿਆ। ਬੀਸੀਸੀਆਈ ਨੇ ਬਿਆਨ ਵਿੱਚ ਕਿਹਾ, ‘‘ਟਰਬੂਟੇਲਾਈਨ ਵਾਡਾ ਦੀ ਪਾਬੰਦੀਸ਼ੁਦਾ ਪਦਾਰਥਾਂ ਦੀ ਸੂਚੀ ਵਿੱਚ ਆਉਂਦਾ ਹੈ।’’
ਬੀਸੀਸੀਆਈ ਨੇ ਕਿਹਾ, ‘‘ਮੁੰਬਈ ਕ੍ਰਿਕਟ ਐਸੋਸੀਏਸ਼ਨ ਨਾਲ ਰਜਿਸਟਰਡ ਪ੍ਰਿਥਵੀ ਸ਼ਾਅ ਨੂੰ ਡੋਪਿੰਗ ਵਿੱਚ ਫੜੇ ਜਾਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਹੈ। ਸ਼ਾਅ ਨੇ ਅਣਜਾਣੇ ਵਿੱਚ ਪਾਬੰਦੀਸ਼ੁਦਾ ਪਦਾਰਥ ਦਾ ਸੇਵਨ ਕੀਤਾ ਹੈ। ਇਹ ਪਦਾਰਥ ਆਮ ਤੌਰ ’ਤੇ ਖੰਘ ਦੀ ਦਵਾਈ ਵਿੱਚ ਪਾਇਆ ਜਾਂਦਾ ਹੈ।’’
19 ਸਾਲ ਦੇ ਸ਼ਾਅ ਨੇ ਦੋ ਟੈਸਟ ਮੈਚ ਖੇਡੇ ਹਨ, ਜਿਸ ਵਿੱਚ ਉਸ ਨੇ ਇੱਕ ਸੈਂਕੜੇ ਅਤੇ ਨੀਮ-ਸੈਂਕੜੇ ਦੀ ਮਦਦ ਨਾਲ 237 ਦੌੜਾਂ ਬਣਾਈਆਂ। ਉਹ ਸੱਟ ਕਾਰਨ ਵੈਸਟ ਇੰਡੀਜ਼ ‘ਏ’ ਖ਼ਿਲਾਫ਼ ਵੀ ਨਹੀਂ ਖੇਡ ਸਕਿਆ ਸੀ। ਜੂਨੀਅਰ ਵਿਸ਼ਵ ਕੱਪ ਜੇਤੂ ਕਪਤਾਨ ਨੇ ਆਪਣੇ ਪਲੇਠੇ ਟੈਸਟ ਮੈਚ ਦੌਰਾਨ ਵੈਸਟ ਇੰਡੀਜ਼ ਖ਼ਿਲਾਫ਼ ਸੈਂਕੜਾ ਮਾਰਿਆ ਸੀ, ਜਦੋਂਕਿ ਗੋਡੇ ਦੀ ਸੱਟ ਕਾਰਨ ਉਸ ਨੂੰ ਆਸਟਰੇਲੀਆ ਦੌਰਾ ਵਿਚਾਲੇ ਛੱਡਣਾ ਪਿਆ ਸੀ। ਬੀਸੀਸੀਆਈ ਨੇ ਦੱਸਿਆ ਕਿ ਟੈਸਟ ਪਾਜ਼ੇਟਿਵ ਪਾਏ ਜਾਣ ਕਾਰਨ ਉਹ ਮੁੰਬਈ ਪ੍ਰੀਮੀਅਰ ਲੀਗ ਤੋਂ ਵੀ ਹਟ ਗਿਆ ਸੀ। ਬੀਸੀਸੀਆਈ ਅਨੁਸਾਰ, ਸ਼ਾਅ ’ਤੇ 16 ਜੁਲਾਈ 2019 ਨੂੰ ਬੀਸੀਸੀਆਈ ਡੋਪਿੰਗ ਰੋਕੂ ਨਿਯਮ (ਏਡੀਆਰ) ਦੀ ਧਾਰਾ 2.1 ਦੀ ਓਲੰਘਣਾ ਦਾ ਦੋਸ਼ ਲਾਇਆ ਗਿਆ ਸੀ ਅਤੇ ਉਸ ਨੂੰ ਇਸ ਦੋਸ਼ ਵਜੋਂ ਅਣਮਿਥੇ ਸਮੇਂ ਲਈ ਮੁਅੱਤਲ ਕੀਤਾ ਗਿਆ ਸੀ।