ਮੁੰਬਈ:ਅਦਾਕਾਰਾ ਅਤੇ ਫ਼ਿਲਮ ਨਿਰਮਾਤਾ ਪ੍ਰਿਅੰਕਾ ਚੋਪੜਾ ਜੋਨਸ ਨੂੰ ਅੱਜ ਜੀਓ ‘ਐੱਮਏਐੱਮਆਈ ਫ਼ਿਲਮ ਫੈਸਟੀਵਲ’ ਦੀ ਚੇਅਰਪਰਸਨ ਐਲਾਨਿਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਚਾਰ ਮਹੀਨੇ ਪਹਿਲਾਂ ਦੀਪਿਕਾ ਪਾਦੂਕੋਣ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਇਸ ਮੌਕੇ‘ ਦਿ ਮੁੰਬਈ ਅਕਾਦਮੀ ਆਫ਼ ਮੂਵਿੰਗ ਇਮੇਜ’ (ਐੱਮਆਈਐੱਮਆਈ) ਨੇ ਆਗਾਮੀ ਸਾਲ ਵਿੱਚ ਆਉਣ ਵਾਲੀਆਂ ਆਪਣੀਆਂ ਯੋਜਨਾਵਾਂ, ਸੰਸਕਰਨ ਅਤੇ ਲੀਡਰਸ਼ਿਪ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰਿਯੰਕਾ ਨੂੰ ਸਰਬਸੰਮਤੀ ਨਾਲ ਐੱਮਏਐੱਮਆਈ ਦੇ ਬੋਰਡ ਆਫ਼ ਟਰੱਸਟ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਜਿਸ ਵਿੱਚ ਨੀਤਾ ਐੱਮ ਅੰਬਾਨੀ (ਸਹਿ-ਚੇਅਰਪਰਸਨ), ਅਨੁਪਮਾ ਚੋਪੜਾ (ਫੈਸਟੀਵਲ ਡਾਇਰੈਕਟਰ), ਅਜੈ ਬਿਜਲੀ, ਆਨੰਦ ਜੀ ਮਹਿੰਦਰਾ, ਫ਼ਰਹਾਨ ਅਖ਼ਤਰ, ਈਸ਼ਾ ਅੰਬਾਨੀ, ਕਬੀਰ ਖ਼ਾਨ, ਕੌਸਤੁਭ ਧਾਵਸੇ, ਕਿਰਨ ਰਾਓ, ਰਾਣਾ ਦੱਗੂਬਤੀ, ਰਿਤੇਸ਼ ਦੇਸ਼ਮੁੱਖ, ਰੋਹਨ ਸਿੱਪੀ, ਸਿਧਾਰਥ ਰੌਏ ਕਪੂਰ, ਵਿਕਰਮਾਦਿੱਤਿਆ ਮੋਟਵਾਨੇ, ਵਿਸ਼ਾਲ ਭਾਰਦਵਾਜ ਤੇ ਜ਼ੋਆ ਅਖ਼ਤਰ ਸ਼ਾਮਲ ਹਨ। ਪ੍ਰਿਅੰਕਾ ਨੇ ਕਿਹਾ ਕਿ ਉਹ ਚੇਅਰਪਰਸਨ ਦਾ ਅਹੁਦਾ ਮਿਲਣ ’ਤੇ ਮਾਣ ਮਹਿਸੂਸ ਕਰ ਰਹੀ ਹੈ। ਉਸ ਨੇ ਕਿਹਾ ਕਿ ਉਹ ਟੀਮ ਦੀਆਂ ਇਨ੍ਹਾਂ ਸਸ਼ਕਤ ਔਰਤਾਂ ਨਾਲ ਕੰਮ ਕਰਨ ਅਤੇ ਇਨ੍ਹਾਂ ਦੇ ਸਹਿਯੋਗ ਨਾਲ ਫੈਸਟੀਵਲ ਨੂੰ ਅਗਲੇ ਪੱਧਰ ਤੱਕ ਲਿਜਾਉਣ ਲਈ ਲਈ ਉਤਸੁਕ ਹੈ। ਇੱਕ ਹਫ਼ਤੇ ਵਿੱਚ ਹੋਣ ਵਾਲੇ ਫ਼ਿਲਮ ਫੈਸਟੀਵਲ ਦੀ ਥਾਂ ਜੀਓ ਮਾਮੀ ਹੁਣ ਅਕਤੂਬਰ 2021 ਤੋਂ ਮਾਰਚ 2022 ਤੱਕ ਚੱਲੇਗਾ।