ਮਾਫ਼ੀਆ ਦੀ ਪੁਸ਼ਤ ਪਨਾਹੀ ਲਈ ਬਾਦਲਾਂ ਦੇ ਰਾਹ ‘ਤੇ ਤੁਰੇ ਕੈਪਟਨ ਅਮਰਿੰਦਰ -ਆਪ

‘ਆਪ’ ਵੱਲੋਂ ਪੰਜਾਬ ਰੋਡਵੇਜ਼ ਦੇ ਹੜਤਾਲੀ ਮੁਲਾਜ਼ਮਾਂ ਦੀ ਹਮਾਇਤ

ਚੰਡੀਗੜ੍ਹ, 2 ਜੁਲਾਈ 2019

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਮੰਗਾਂ ਦਾ ਸਮਰਥਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਗੰਭੀਰ ਦੋਸ਼ ਲਗਾਏ ਹਨ।

‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪ੍ਰਾਈਵੇਟ ਟਰਾਂਸਪੋਰਟ ਮਾਫ਼ੀਆ ਦੀ ਪੁਸ਼ਤ ਪਨਾਹੀ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਪਿਛਲੀ ਬਾਦਲ ਸਰਕਾਰ ਦੇ ਰਾਹ ‘ਤੇ ਤੁਰੀ ਹੋਈ ਹੈ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਪਹਿਲਾਂ ਬਾਦਲਾਂ ਦੇ 10 ਸਾਲਾ ਮਾਫ਼ੀਆ ਰਾਜ ਦੌਰਾਨ ਸਰਕਾਰੀ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਬੱਸ ਸੇਵਾਵਾਂ ਦੀ ਕੀਮਤ ‘ਤੇ ਬਾਦਲਾਂ ਨੇ ਆਪਣਾ ਨਿੱਜੀ ਅਤੇ ਆਪਣੇ ਸਿਆਸੀ ਚੇਲਿਆਂ ਦੀਆਂ ਪ੍ਰਾਈਵੇਟ ਬੱਸਾਂ ਮਨਮਰਜ਼ੀ ਦੇ ਰੂਟਾਂ ਅਤੇ ਸਮਾਂ ਸਾਰਨੀ (ਟਾਈਮ ਟੇਬਲ) ‘ਤੇ ਚਲਾਈਆਂ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵੱਡੇ ਵਿੱਤੀ ਘਾਟਿਆਂ ਕਾਰਨ ਡੁੱਬਣ ਕਿਨਾਰੇ ਪੁੱਜ ਗਈਆਂ। ਬਾਦਲਾਂ ਦੇ ਮਾਫ਼ੀਆ ਰਾਜ ਤੋਂ ਦੁਖੀ ਹੋਏ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਾਅਦਿਆਂ ‘ਤੇ ਭਰੋਸਾ ਕੀਤਾ ਅਤੇ ਭਾਰੀ ਬਹੁਮਤ ਕਾਂਗਰਸ ਦੀ ਸਰਕਾਰ ਬਣਾਈ, ਪਰੰਤੂ ਕੈਪਟਨ ਸਰਕਾਰ ਵੀ ਬਾਦਲਾਂ ਦੀਆਂ ਮਾਰੂ ਅਤੇ ਸਵਾਰਥੀ ਨੀਤੀਆਂ ‘ਤੇ ਚੱਲ ਪਈ।

ਚੀਮਾ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਰੋਡਵੇਜ਼ (ਪਨਬਸ) ਅਤੇ ਪੀਆਰਟੀਸੀ ਕੋਲ ਆਪਣੇ ਖ਼ਾਲੀ ਪਦ ਪੱਕੀ ਭਰਤੀ ਰਾਹੀਂ ਭਰਨਾ ਤਾਂ ਦੂਰ ਕੱਚੇ ਅਤੇ ਠੇਕਾ ਭਰਤੀ ਮੁਲਾਜ਼ਮਾਂ ਦੀਆਂ ਨਿਗੂਣੀਆਂ ਤਨਖ਼ਾਹਾਂ ਵੀ ਸਮੇਂ ਸਿਰ ਨਹੀਂ ਦੇ ਹੋ ਰਹੀਆਂ, ਦੂਜੇ ਪਾਸੇ ਬਾਦਲ ਸੱਤਾਹੀਣ ਹੋਣ ਦੇ ਬਾਵਜੂਦ ਹਰ ਦੋ-ਚਾਰ ਮਹੀਨਿਆਂ ਬਾਅਦ ਦਰਜਨਾਂ ਬੱਸਾਂ ਵਾਲੀ ਕਿਸੇ ਨਾ ਕਿਸੇ ਕੰਪਨੀ ਨਾਲ ਸੌਦਾ ਕਰੀ ਜਾ ਰਹੇ ਹਨ। ਚੀਮਾ ਨੇ ਕਿਹਾ ਕਿ ਸਰਕਾਰੀ ਬੱਸ ਸੇਵਾ ਦੇ ਹੱਕ ‘ਚ ਆਗਾਮੀ ਵਿਧਾਨ ਸਭਾ ਸੈਸ਼ਨ ਦੌਰਾਨ ਜ਼ੋਰਦਾਰ ਤਰੀਕੇ ਨਾਲ ਉਠਾਇਆ ਜਾਵੇਗਾ ਅਤੇ ਸਾਰੇ ਠੇਕਾ ਅਤੇ ਆਊਟਸੋਰਸਿੰਗ ਕਰਮਚਾਰੀਆਂ ਨੂੰ ਪੱਕੀ ਭਰਤੀ ਅਧੀਨ ਲਿਆਉਣ ਦੀ ਮੰਗ ਉਠਾਏਗੀ।

ਚੀਮਾ ਨੇ ਕਿਹਾ ਕਿ ਪੰਜਾਬ ਰੋਡਵੇਜ਼ ਕਰਮਚਾਰੀਆਂ ਦੀ ਤਿੰਨ ਰੋਜ਼ਾ ਹੜਤਾਲ ਦੌਰਾਨ ਆਮ ਸਵਾਰੀਆਂ ਦੀ ਹੋ ਰਹੀ ਖੱਜਲ-ਖ਼ੁਆਰੀ ਲਈ ਕੈਪਟਨ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ।