ਚੰਡੀਗੜ੍ਹ, ਭਾਰਤੀ ਕਮਿਊਨਿਸਟ ਪਾਰਟੀ ਪੰਜਾਬ ਦੇ ਸਕੱਤਰ ਹਰਦੇਵ ਸਿੰਘ ਅਰਸ਼ੀ ਨੇ ਪੰਜਾਬ ਸਰਕਾਰ ਵੱਲੋਂ 800 ਪ੍ਰਾਇਮਰੀ ਸਕੂਲਾਂ ਨੂੰ ਬੰਦ ਕਰਨ ਦੇ ਫ਼ੈਸਲੇ ਦੀ ਨਿਖੇਧੀ ਕਰਦਿਆਂ ਇਸ ਨੂੰ ਸਿੱਖਿਆ ਵਿਰੋਧੀ ਅਤੇ ਕਾਂਗਰਸ ਦੇ ਚੋਣ ਮੈਨੀਫੈਸਟੋ ਵਿਰੋਧੀ ਕਰਾਰ ਦਿੱਤਾ। ਉਨ੍ਹਾਂ ਫ਼ੈਸਲੇ ਨੂੰ ਵਾਪਸ ਲੈਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਫ਼ੈਸਲਾ ਖਾਸ ਕਰਕੇ ਕੰਢੀ ਦੇ ਖੇਤਰਾਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ, ਜਿਥੇ ਪਹਾੜੀ ਇਲਾਕਾ ਹੋਣ ਕਰਕੇ ਆਬਾਦੀਆਂ ਦੂਰ-ਦੂਰ ਹਨ। ਇਸ ਫ਼ੈਸਲੇ ਨਾਲ ਬੱਚਿਆਂ ਨੂੰ ਦੂਰ ਦੁਰਾਡੇ ਦੇ ਸਕੂਲਾਂ ’ਚ ਪਹੁੰਚਣਾ ਮੁਸ਼ਕਲ ਹੋ ਜਾਵੇਗਾ। ਸ੍ਰੀ ਅਰਸ਼ੀ ਨੇ ਕਿਹਾ ਕਿ ਸਕੂਲ ਬੰਦ ਕਰਨ ਦਾ ਅਗਲਾ ਕਦਮ ਅਧਿਆਪਕਾਂ ਦੀਆਂ ਆਸਾਮੀਆਂ ਘਟਾਉਣ ਦਾ ਹੀ ਹੋਵੇਗਾ ਜੋ ਬੇਰੁਜ਼ਗਾਰੀ ਨੂੰ ਘਟਾਉਣ ਦੀ ਥਾਂ ਹੋਰ ਵਧਾ ਦੇਵੇਗਾ। ਫ਼ੈਸਲਾ ਕਾਂਗਰਸ ਦੇ ਚੋਣ ਮੈਨੀਫੈਸਟੋ ਵਿੱਚ ਕੀਤੇ ਇਕਰਾਰਾਂ ਦੀ ਖਿੱਲੀ ਉਡਾਵੇਗਾ। ਉਨ੍ਹਾਂ ਕਿਹਾ ਕਿ ਥੋੜੀ ਗਿਣਤੀ ਵਾਲੇ ਸਕੂਲਾਂ ਵਿੱਚ ਬੱਚੇ ਲਿਆਉਣ ਦੇ ਯਤਨ ਕਰਨੇ ਚਾਹੀਦੇ ਹਨ। ਇਹ ਫ਼ੈਸਲਾ ਪ੍ਰਾਈਵੇਟ ਸਕੂਲਾਂ ਦੀ ਅਸਿੱਧੇ ਤੌਰ ’ਤੇ ਮਦਦ ਕਰੇਗਾ ਅਤੇ ਸਿੱਖਿਆ ਦੇ ਨਿਜੀਕਰਨ ਨੂੰ ਉਤਸ਼ਾਹਿਤ ਕਰੇਗਾ। ਉਨ੍ਹਾਂ ਮੁੱਖ ਮੰਤਰੀ ਨੂੰ ਕਿਹਾ ਕਿ ਸਿੱਖਿਆ-ਵਿਰੋਧੀ ਅਤੇ ਬੇਰੁਜ਼ਗਾਰੀ ਵਧਾਊ ਫ਼ੈਸਲੇ ਨੂੰ ਵਾਪਸ ਲੈ ਕੇ ਮਸਲੇ ਦਾ ਅਜਿਹਾ ਹੱਲ ਲੱਭਿਆ ਜਾਵੇ ਜਿਹੜਾ ਸਿੱਖਿਆ, ਗਰੀਬ ਬੱਚਿਆਂ ਅਤੇ ਰੁਜ਼ਗਾਰ ਦੇ ਹੱਕ ਵਿੱਚ ਹੋਵੇ।