ਮੋਗਾ (ਬਿਊਰੋ ਰਿਪੋਰਟ) ਕਨੇਡਾ ਰਹਿੰਦੇ ਬਹੁ ਚਰਚਿਤ ਨਾਵਲਕਾਰ ਜਰਨੈਲ ਸਿੰਘ ਸੇਖਾ ਵੱਲੋਂ ਲਿਖੀ ਰੇਖਾ ਚਿਤਰਾਂ ਦੀ ਪੁਸਤਕ “ਚੇਤੇ ਵਿੱਚ ਉਕਰੇ ਚਿਹਰੇ” ਮਹਿੰਦਰ ਸਾਥੀ ਯਾਦਗਾਰੀ ਮੰਚ ਵੱਲੋਂ ਕਰਵਾਏ ਸਾਹਿਤਕ ਸਮਾਗਮ ਵਿਚ ਨਾਮਵਰ ਸਾਹਿਤਕਾਰਾਂ ਵੱਲੋਂ ਲੋਕ ਅਰਪਣ ਕੀਤੀ ਗਈ। ਉਦਾਸੇ ਬੋਲ, ਦੁਨੀਆ ਕੈਸੀ ਹੋਈ, ਆਪਣਾ ਆਪਣਾ ਸੁਰਗ, ਭਗੌੜਾ, ਦੁੱਲੇ ਦੀ ਢਾਬ ਤੱਕ, ਬੇਗਾਨੇ, ਵਿਗੋਚਾ, ਚੇਤਿਆਂ ਦੀ ਚਿਲਮਨ,ਨਾਬਰ,ਵੈਨਕੂਵਰ ਸੇ ਲਾਇਲਪੁਰ (ਉਰਦੂ), ਕੰਡਿਆਰੇ ਪੰਧ ਆਦਿ ਪੁਸਤਕਾਂ ਦੇ ਰਚੇਤਾ ਜਰਨੈਲ ਸਿੰਘ ਸੇਖਾ ਦੀ ਨਵੀਂ ਪੁਸਤਕ ਲੋਕ ਅਰਪਣ ਕਰਨ ਦੀ ਰਸਮ ਪ੍ਰਗਤੀਸ਼ੀਲ ਲੇਖਕ ਸੰਘ ਦੇ ਮੀਤ ਪ੍ਰਧਾਨ, ਨਾਮਵਰ ਨਾਟਕਕਾਰ ਤੇ ਚਿੰਤਕ ਕੁਲਦੀਪ ਸਿੰਘ ਦੀਪ, ਪ੍ਰਸਿੱਧ ਕਵਿੱਤਰੀ ਸਰਬਜੀਤ ਕੌਰ ਜੱਸ, ਮੰਚ ਦੇ ਪ੍ਰਧਾਨ ਨਵਨੀਤ ਸਿੰਘ ਸੇਖਾ, ਸੀਨੀਅਰ ਮੀਤ ਪ੍ਰਧਾਨ ਅਮਰਪ੍ਰੀਤ ਕੌਰ ਸੰਘਾ, ਜਨਰਲ ਸਕੱਤਰ ਗੁਰਪ੍ਰੀਤ ਧਰਮਕੋਟ, ਸਰਪ੍ਰਸਤ ਤੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ, ਜਿਲ੍ਹਾ ਭਾਸ਼ਾ ਅਫਸਰ ਤੇ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ ਅਜੀਤਪਾਲ ਜਟਾਣਾ ਅਤੇ ਨਾਵਲਕਾਰ ਤੇ ਆਲੋਚਕ ਡਾਕਟਰ ਸੁਰਜੀਤ ਬਰਾੜ ਨੇ ਨਿਭਾਈ।
ਪੁਸਤਕ ਦੀ ਸੰਖੇਪ ਜਾਣਕਾਰੀ ਕਰਵਾਉਂਦਿਆਂ ਡਾ ਸੁਰਜੀਤ ਬਰਾੜ ਨੇ ਦੱਸਿਆ ਕਿ ਇਸ ਵਿਚ 16 ਸਖਸ਼ੀਅਤਾਂ ਦੇ ਸ਼ਬਦ ਚਿਤਰ ਹਨ ਜੋ ਪਾਠਕਾਂ ਨੂੰ ਉਹਨਾਂ ਬਾਰੇ ਬੜੀ ਭਾਵਪੂਰਤ ਤੇ ਰੌਚਿਕ ਜਾਣਕਾਰੀ ਪ੍ਰਦਾਨ ਕਰਦੇ ਹਨ। ਇਹਨਾਂ ਸਖਸ਼ੀਅਤਾਂ ਵਿੱਚ ਜਸਵੰਤ ਸਿੰਘ ਕੰਵਲ, ਮਹਾਨ ਚਿਤਰਕਾਰ ਸੋਭਾ ਸਿੰਘ, ਪੰਜਾਬ ਦੇ ਸਭਿਆਚਾਰ ਨੂੰ ਚਿਤਰਨ ਵਾਲੇ ਸੰਸਾਰ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ, ਇਨਕਲਾਬੀ ਸ਼ਾਇਰ ਮਹਿੰਦਰ ਸਾਥੀ, ਪ੍ਰਸਿੱਧ ਪੱਤਰਕਾਰ ਹਰਬੀਰ ਸਿੰਘ ਭੰਵਰ, ਅਤੇ ਹਰਜੀਤ ਦੌਧਰੀਆ ਆਦਿ ਪ੍ਰਮੁੱਖ ਹਨ।
ਡਾ ਕੁਲਦੀਪ ਸਿੰਘ ਦੀਪ ਨੇ ਲੇਖਕ ਦੇ ਨਿਵੇਕਲੇ ਯਤਨਾਂ ਦੀ ਸ਼ਲਾਘਾ ਕਰਦਿਆਂ ਮਹਿੰਦਰ ਸਾਥੀ ਮੰਚ ਨੂੰ ਇਸ ਪੁਸਤਕ ਨਾਲ ਜਾਣ ਪਛਾਣ ਕਰਵਾਉਣ ‘ਤੇ ਵਧਾਈ ਦਿੱਤੀ। ਸਰਬਜੀਤ ਕੌਰ ਜੱਸ ਨੇ ਜਰਨੈਲ ਸਿੰਘ ਸੇਖਾ ਨੂੰ ਬਹੁਪੱਖੀ ਲੇਖਕ ਕਿਹਾ। ਡਾ ਅਜੀਤਪਾਲ ਸਿੰਘ ਨੇ ਪੁਸਤਕ ਦੀ ਰੌਚਿਕ ਵਾਰਤਕ ਸ਼ੈਲੀ ਦੀ ਭਰਪੂਰ ਸਰਾਹਨਾ ਕੀਤੀ। ਗੁਰਮੀਤ ਕੜਿਆਲਵੀ ਨੇ ਕਿਹਾ ਜਰਨੈਲ ਸਿੰਘ ਸੇਖਾ ਜੀ ਦੀ ਇਹ ਪੁਸਤਕ ਉਹਨਾਂ ਪਾਠਕਾਂ ਲਈ ਨਾਯਾਬ ਤੋਹਫ਼ਾ ਹੈ ਜੋ ਲੇਖਕਾਂ ਦੇ ਜੀਵਨ ਬਾਰੇ ਜਾਨਣ ਦੇ ਉਤਸੁਕ ਹੁੰਦੇ ਹਨ। ਨਵਨੀਤ ਸਿੰਘ ਸੇਖਾ ਨੇ ਆਪਣੇ ਪਿਤਾ ਅਤੇ ਪੁਸਤਕ ਦੇ ਸਿਰਜਕ ਜਰਨੈਲ ਸਿੰਘ ਸੇਖਾ ਦੀ ਇਸ ਪੁਸਤਕ ਦੀ ਸਿਰਜਣ ਪ੍ਰਕਿਰਿਆ ਨਾਲ ਸਰੋਤਿਆਂ ਦੀ ਸਾਂਝ ਪੁਆਈ।
ਇਸ ਸਮਾਗਮ ਵਿਚ ਮੰਚ ਦੇ ਵਿਤ ਸਕੱਤਰ ਪ੍ਰਦੀਪ ਰਖਰਾ, ਨਾਮਵਰ ਕਹਾਣੀਕਾਰ ਜਸਵਿੰਦਰ ਧਰਮਕੋਟ, ਕਹਾਣੀਕਾਰ ਜਸਵੀਰ ਕਲਸੀ, ਨੌਜਵਾਨ ਸ਼ਾਇਰ ਸੁਖਦੀਪ ਔਜਲਾ, ਅਵਤਾਰ ਸਿੰਘ ਮੋਗਾ, ਗਿਆਨ ਸਿੰਘ ਰਿਟਾਇਰ ਡੀ ਪੀ ਆਰ ਓ, ਡੀ ਐਮ ਕਾਲਜ ਦੇ ਪ੍ਰੋਫੈਸਰ ਗੁਰਪ੍ਰੀਤ ਸਿੰਘ ਘਾਲੀ, ਸ਼ਾਇਰਾ ਸਿਮਰਜੀਤ ਸਿੰਮੀ, ਸੋਨੀ ਮੋਗਾ, ਸਰਬਜੀਤ ਕੌਰ ਮਾਹਲਾ ਸਕੱਤਰ, ਸਾਗਰ ਸਫ਼ਰੀ, ਹਰਵਿੰਦਰ ਰੋਡੇ, ਮੰਚ ਦੇ ਮੀਤ ਪ੍ਰਧਾਨ ਧਾਮੀ ਗਿੱਲ, ਸੁੱਖੀ ਜੌਹਲ, ਅਵਤਾਰ ਮੰਗਾ, ਪ੍ਰਸਿੱਧ ਫੋਟੋਗ੍ਰਾਫਰ ਪ੍ਰਤਾਪ ਹੀਰਾ, ਕੈਲੀਓਗ੍ਰਾਫਰ ਰਣਜੀਤ ਸਿੰਘ, ਸੁਖਮੰਦਰ ਕੌਰ ਮੋਗਾ ਆਦਿ ਸ਼ਾਮਿਲ ਹੋਏ।