ਲਾਸ ਏਂਜਲਸ: ਕੈਲੀਫੋਰਨੀਆ ’ਚ ਜੋਨਸ ਭਰਾਵਾਂ ਦੇ ਪ੍ਰੋਗਰਾਮ ਦੌਰਾਨ ਦਰਸ਼ਕਾਂ ਨੇ ਸਟੇਜ ਵੱਲ ਕੁਝ ਵਸਤਾਂ ਸੁੱਟੀਆਂ। ਇਸ ਦੌਰਾਨ ਇੱਕ ਦਰਸ਼ਕ ਵੱਲੋਂ ਸੁੱਟੀ ਕੋਈ ਵਸਤੂ ਨਿੱਕ ਜੋਨਸ ਦੇ ਸਿਰ ’ਚ ਜਾ ਵੱਜੀ, ਜਿਸ ਮਗਰੋਂ ਉਹ ਖਿੱਝ ਗਿਆ ਅਤੇ ਉਸ ਨੇ ਦਰਸ਼ਕਾਂ ਨੂੰ ਸਟੇਜ ਵੱਲ ਚੀਜ਼ਾਂ ਨਾ ਸੁੱਟਣ ਲਈ ਆਖਿਆ ਕਿਉਂਕਿ ਉਨ੍ਹਾਂ ਨੂੰ ਹੋਰਨਾਂ ਫ਼ਨਕਾਰਾਂ ਵਾਂਗ ਦਰਸ਼ਕਾਂ ਦੀ ਇਹ ਆਦਤ ਪਸੰਦ ਨਹੀਂ ਹੈ। ਜਾਣਕਾਰੀ ਅਨੁਸਾਰ ਜੋਨਸ ਭਰਾਵਾਂ ਦਾ ਪ੍ਰੋਗਰਾਮ 11 ਸਤੰਬਰ ਨੂੰ ਕੈਲੀਫੋਰਨੀਆ ਵਿੱਚ ਹੋਇਆ ਸੀ, ਜਿੱਥੇ ਕੁਝ ਦਰਸ਼ਕਾਂ ਵੱਲੋਂ ਗੁੱਸੇ ਜਾਂ ਖੁਸ਼ੀ ਵਿੱਚ ਸਟੇਜ ਵੱਲ ਵਸਤਾਂ ਸੁੱਟਣ ਦੀ ਵੀਡੀਓ ਦੋ ਦਿਨਾਂ ਬਾਅਦ ਵਾਇਰਲ ਹੋਈ ਹੈ। ‘‘ਪੀਪਲਜ਼ ਮੈਗਜ਼ੀਨ’’ ਮੁਤਾਬਕ ਟਿੱਕ-ਟੌਕ ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਨਿੱਕ ਜੋਨਸ ਆਪਣਾ ਗੀਤ ‘ਰੋਲਰਕੋਸਟਰ’ ਗਾ ਰਿਹਾ ਹੈ, ਜਿਸ ਦੌਰਾਨ ਸਟੇਜ ’ਤੇ ਬਰੈਸਲੈੱਟਸ ਦਾ ੲਿੱਕ ਗੁੱਛਾ ਉਸ ’ਤੇ ਸੁੱਟਿਆ ਜਾਂਦਾ ਹੈ। ਜੋਨਸ ਕੁਝ ਚੀਜ਼ਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸ ਦੌਰਾਨ ਇੱਕ ਵਸਤੂ ਉਸ ਦੇ ਸਿਰ ’ਤੇ ਵੱਜਦੀ ਹੈ, ਜਿਸ ਮਗਰੋਂ ਉਹ ਖਿੱਝ ਜਾਂਦਾ ਹੈ ਅਤੇ ਦਰਸ਼ਕਾਂ ਨੂੰ ਇਹ ਸਭ ‘‘ਬੰਦ’’ ਕਰਨ ਲਈ ਆਖਦਾ ਹੈ। ਦੱਸਣਯੋਗ ਹੈ ਕਿ ਸਟੇਜ ’ਤੇ ਕਲਾਕਾਰਾਂ ਵੱਲੋਂ ਚੀਜ਼ਾਂ/ਵਸਤਾਂ ਸੁੱਟਣਾ ਇੱਕ ਖ਼ਤਰਨਾਕ ਰੁਝਾਨ ਬਣ ਗਿਆ ਹੈ ਅਤੇ ਪਹਿਲਾਂ ਵੀ ਕਈ ਬੈਂਡਾਂ ਅਤੇ ਗਾਇਕਾਂ ਨੂੰ ਇਸ ਦਾ ਸਾਹਮਣਾ ਕਰਨਾ ਪੈ ਚੁੱਕਾ ਹੈ ਜਿਨ੍ਹਾਂ ਵਿੱਚ ਨਿਕਲਬੈਕ, ਜਸਟਿਨ ਬੀਬਰ, ਸੇਲੇਨਾ ਗੋਮਜ਼ ਅਤੇ ਕਰੀਡ ਆਦਿ ਸ਼ਾਮਲ ਹਨ।