ਸੰਗਰੂਰ, 23 ਦਸੰਬਰ
ਪੋਹ ਮਹੀਨੇ ਦੀਆਂ ਠੰਢੀਆਂ ਰਾਤਾਂ ’ਚ ਡੀ.ਸੀ. ਦਫ਼ਤਰ ਅੱਗੇ ਪੱਕੇ ਮੋਰਚੇੇ ’ਤੇ ਡਟੇ ਮਜ਼ਦੂਰਾਂ ਦਾ ਗਰਮਾਇਆ ਸੰਘਰਸ਼ ਅੱਜ ਉਸ ਸਮੇਂ ਰੰਗ ਲਿਆਇਆ ਜਦੋਂ ਜ਼ਿਲ੍ਹਾ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਹੋਈ ਅਹਿਮ ਮੀਟਿੰਗ ਦੌਰਾਨ ਮੰਗਾਂ ’ਤੇ ਸਹਿਮਤੀ ਬਣ ਗਈ। ਪ੍ਰਸ਼ਾਸਨ ਵਲੋਂ ਲਿਖਤੀ ਤੌਰ ’ਤੇ ਕਈ ਮੰਗਾਂ ਦੇ ਹੱਲ ਲਈ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਪੱਤਰ ਜਾਰੀ ਕਰਨ ਅਤੇ ਬਾਕੀ ਸਮਾਂ ਦੇ ਹੱਲ ਲਈ ਲਿਖਤੀ ਭਰੋਸਾ ਮਿਲਣ ਤੋਂ ਬਾਅਦ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਅੱਜ ਪੰਜਵੇਂ ਦਿਨ ਬੇਮਿਆਦੀ ਪੱਕਾ ਮੋਰਚਾ ਮੁਲਤਵੀ ਕਰ ਦਿੱਤਾ ਹੈ। ਉਧਰ ਪੱਕੇ ਮੋਰਚੇ ’ਚ ਠੰਢ ਲੱਗਣ ਕਾਰਨ ਬਿਮਾਰ ਹੋਈ ਬਜ਼ੁਰਗ ਮਹਿਲਾ ਅਮਰਜੀਤ ਕੌਰ ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਕੌਰ ਲੌਂਗੋਵਾਲ, ਬਿੱਕਰ ਸਿੰਘ ਹਥੋਆ ਅਤੇ ਗੁਰਵਿੰਦਰ ਸਿੰਘ ਸ਼ਾਦੀਹਰੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਪਿੰਡ ਸ਼ਾਦੀਹਰੀ ਦੇ ਰਿਕਾਰਡ ਸਬੰਧੀ ਸਰਚ ਵਾਰੰਟ ਜਾਰੀ ਕਰਨ, ਗ਼ੈਰਕਾਨੂੰਨੀ ਢੰਗ ਨਾਲ ਹੋਈਆਂ ਗਿਰਦਾਵਰੀਆਂ ਭੰਗ ਕਰਨ ਅਤੇ ਨਿਸ਼ਚਿਤ ਸਮੇਂ ਵਿਚ ਮਸਲੇ ਦਾ ਪੂਰਨ ਹੱਲ ਕਰਨ, ਕੋਆਪ੍ਰੇਟਿਵ ਸੁਸਾਇਟੀਜ਼ ਵਿਚ ਮੈਂਬਰਸ਼ਿਪ ਦੇਣ ਸਬੰਧੀ ਲਿਖਤੀ ਹੁਕਮ ਜਾਰੀ ਕਰਨ, ਦੇਹ ਕਲਾਂ ਦੀ ਨਜ਼ੂਲ ਜ਼ਮੀਨ ਦੀ ਕੁੱਝ ਜਨਰਲ ਵਰਗ ਦੇ ਵਿਅਕਤੀਆਂ ਦੇ ਨਾਮ ਹੋਈ ਗਿਰਦਾਵਰੀ ਤੋੜ ਕੇ ਸਭਾ ਨੂੰ ਦੇਣ ਸਬੰਧੀ, ਮੰਗਵਾਲ ਦੀਆਂ ਰੂੜੀਆਂ ਸਬੰਧੀ ਹੱਲ ਕਰਨ, ਲਾਲ ਲਕੀਰ ਅਤੇ ਪੰਜ-ਪੰਜ ਮਰਲੇ ਦੇ ਪਲਾਟਾਂ ਸਬੰਧੀ ਗ੍ਰਾਮ ਸਭਾ ਦੇ ਇਜਲਾਸ ਬੁਲਾ ਕੇ ਮਤੇ ਪਾਉਣ ਲਈ ਲਿਖਤੀ ਆਰਡਰ ਦੇਣ ਅਤੇ ਘੋੜੇਨਬ ’ਚ ਹੋਏ ਕਥਿਤ ਘਪਲਿਆਂ ਬਾਰੇ ਸੋਮਵਾਰ ਤੱਕ ਕੇਸ ਦਰਜ ਕਰਨ ਅਤੇ ਜਲੂਰ ਕਾਂਡ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਲਿਖਤੀ ਦਸਤਾਵੇਜ਼ਾਂ ਰਾਹੀਂ ਭਰੋਸਾ ਦਿੱਤਾ ਗਿਆ ਹੈ।