ਗਾਂਧੀਨਗਰ, 20 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਟੈਡਰੋਸ ਗੈਬਰੇਸਿਸ ਨੂੰ ਉਨ੍ਹਾਂ ਦੀ ਬੇਨਤੀ ‘ਤੇ ਨਵਾਂ ਗੁਜਰਾਤੀ ਨਾਮ ‘ਤੁਲਸੀ-ਭਾਈ’ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਇੱਥੇ ਤਿੰਨ ਦਿਨਾਂ ਆਲਮੀ ਆਯੂਸ਼ ਨਿਵੇਸ਼ ਤੇ ਇਨੋਵੇਸ਼ਨ ਸਿਖਰ ਵਾਰਤਾ ਦੇ ਉਦਘਾਟਨੀ ਸਮਾਰੋਹ ਵਿੱਚ ਕਿਹਾ ਕਿ ਤੁਲਸੀ ਦਾ ਬੂਟਾ (ਪਵਿੱਤਰ ਬੇਸਿਲ’ ਜਾਂ ਓਸੀਮਮ ਟੇਨੁਇਫਲੋਰਮ) ਭਾਰਤ ਦੀ ਅਧਿਆਤਮਿਕ ਵਿਰਾਸਤ ਦਾ ਇੱਕ ਅਨਿੱਖੜਵਾਂ ਅੰਗ ਹੈ। ਮੋਦੀ ਨਾਲ ਮੰਚ ਸਾਂਝਾ ਕਰਨ ਵਾਲੇ ਡਾ. ਗੈਬਰੇਸਿਸ ਨੇ ਗੁਜਰਾਤੀ ਵਿੱਚ ਆਪਣਾ ਭਾਸ਼ਣ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ। ਮੋਦੀ ਨੇ ਕਿਹਾ ਕਿ ਡਾਕਟਰ ਗੈਬਰੇਸਿਸ ਗੁਜਰਾਤੀ ਨਾਮ ਚਾਹੁੰਦੇ ਸਨ।
ਉਨ੍ਹਾਂ ਕਿਹਾ, “ਜਦੋਂ ਉਹ ਅੱਜ ਸਵੇਰੇ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਨੇ ਕਿਹਾ ਕਿ ਉਹ ‘ਪੱਕੇ’ ਗੁਜਰਾਤੀ ਬਣ ਗਏ ਹਨ। ਉਨ੍ਹਾਂ ਮੈਨੂੰ ਇੱਕ ਗੁਜਰਾਤੀ ਨਾਮ ਦੇਣ ਲਈ ਕਿਹਾ ਹੈ। ਉਨ੍ਹਾਂ ਨੇ ਮੈਨੂੰ ਮੰਚ ‘ਤੇ ਯਾਦ ਦਿਵਾਇਆ, ਕੀ ਮੈਂ ਉਨ੍ਹਾਂ ਲਈ ਕੋਈ ਨਾਮ ਤੈਅ ਕੀਤਾ ਹੈ। ਮਹਾਤਮਾ ਗਾਂਧੀ ਦੀ ਇਸ ਪਵਿੱਤਰ ਧਰਤੀ ਵਿੱਚ, ਇੱਕ ਗੁਜਰਾਤੀ ਹੋਣ ਦੇ ਨਾਤੇ, ਮੈਂ ਆਪਣੇ ਸਭ ਤੋਂ ਚੰਗੇ ਦੋਸਤ ਨੂੰ ‘ਤੁਲਸੀ ਭਾਈ’ ਕਹਾਂਗਾ’’। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਵਿੱਤਰ ਤੁਲਸੀ ਨੂੰ ਰਵਾਇਤੀ ਤੌਰ ‘ਤੇ ਭਾਰਤ ਦੇ ਹਰ ਘਰ ਵਿੱਚ ਲਗਾਇਆ ਜਾਂਦਾ ਹੈ ਅਤੇ ਪੀੜ੍ਹੀ ਦਰ ਪੀੜ੍ਹੀ ਇਸ ਲਈ ਪ੍ਰਾਰਥਨਾਵਾਂ ਕੀਤੀਆਂ ਜਾਂਦੀਆਂ ਹਨ।