ਵਾਸ਼ਿੰਗਟਨ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚ ਗਏ ਹਨ। ਵਾਸ਼ਿੰਗਟਨ ਵਿੱਚ ਭਾਰਤੀ ਮੂਲ ਦੇ ਲੋਕਾਂ ਨੇ ਉਨ੍ਹਾਂ ਦਾ ਸ਼ਾਨਦਾਰ ਸਵਾਗਤ ਕੀਤਾ। ਪੀਐਮ ਮੋਦੀ ਨੇ ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਤੁਲਸੀ ਗਬਾਰਡ ਨਾਲ ਮੁਲਾਕਾਤ ਕੀਤੀ। ਉਹ ਇੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਦੁਵੱਲੀ ਬੈਠਕ ਦੌਰਾਨ ਵਪਾਰ, ਰੱਖਿਆ ਅਤੇ ਊਰਜਾ ਸਮੇਤ ਕਈ ਖੇਤਰਾਂ ਵਿੱਚ ਆਪਸੀ ਸਹਿਯੋਗ ਵਧਾਉਣ ‘ਤੇ ਚਰਚਾ ਕਰਨਗੇ। ਇਸ ਤੋਂ ਬਾਅਦ ਉਹ ਕਾਰੋਬਾਰੀ ਆਗੂਆਂ ਨਾਲ ਵੀ ਮੁਲਾਕਾਤ ਕਰਨਗੇ। ਵਾਸ਼ਿੰਗਟਨ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ, ”ਸਰਦੀਆਂ ਦੇ ਵਿਚਕਾਰ ਨਿੱਘਾ ਸਵਾਗਤ। ਠੰਡੇ ਮੌਸਮ ਦੇ ਬਾਵਜੂਦ, ਵਾਸ਼ਿੰਗਟਨ ਡੀ.ਸੀ. ਵਿੱਚ ਭਾਰਤੀ ਪ੍ਰਵਾਸੀਆਂ ਨੇ ਮੇਰਾ ਬਹੁਤ ਖਾਸ ਸੁਆਗਤ ਕੀਤਾ ਹੈ। ਮੈਂ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।” ਪੀਐਮ ਮੋਦੀ ਨੇ ਭਾਰਤੀ ਮੂਲ ਦੇ ਅਮਰੀਕੀ ਲੋਕਾਂ ਨਾਲ ਤਸਵੀਰਾਂ ਵੀ ਸਾਂਝੀਆਂ ਕੀਤੀਆਂ।

ਅਮਰੀਕਾ ਪਹੁੰਚਣ ਤੋਂ ਬਾਅਦ ਪੀਐਮ ਮੋਦੀ ਨੇ ਦੱਸਿਆ ਕਿ ਉਹ ਵਾਸ਼ਿੰਗਟਨ ਪਹੁੰਚ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਮੁਲਾਕਾਤ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ “ਹੁਣੇ ਹੀ ਵਾਸ਼ਿੰਗਟਨ ਡੀਸੀ ਪਹੁੰਚੇ ਹਾਂ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਅਤੇ ਭਾਰਤ-ਅਮਰੀਕਾ ਵਿਆਪਕ ਗਲੋਬਲ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਵਧਾਉਣ ਲਈ ਉਤਸੁਕ ਹਾਂ । ਸਾਡੇ ਦੇਸ਼ ਸਾਡੇ ਲੋਕਾਂ ਦੇ ਫਾਇਦੇ ਅਤੇ ਸਾਡੀ ਧਰਤੀ ਦੇ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਨਾ ਜਾਰੀ ਰਖਾਗੇਂ।

ਪ੍ਰਧਾਨ ਮੰਤਰੀ ਮੋਦੀ ਬੁੱਧਵਾਰ ਨੂੰ ਫਰਾਂਸ ਦੇ ਮਾਰਸੇਲੇ ਤੋਂ ਅਮਰੀਕਾ ਲਈ ਰਵਾਨਾ ਹੋਏ। ਉਨ੍ਹਾਂ ਦੀ ਦੋ ਦੇਸ਼ਾਂ ਦੀ ਯਾਤਰਾ ਦਾ ਇਹ ਦੂਜਾ ਪੜਾਅ ਹੈ। ਉਹ 10 ਫਰਵਰੀ ਨੂੰ ਫਰਾਂਸ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਟਰੰਪ ਨਾਲ ਨਿੱਜੀ ਅਤੇ ਡੈਲੀਗੇਸ਼ਨ ਪੱਧਰ ‘ਤੇ ਦੋ-ਪੱਖੀ ਬੈਠਕ ਕਰਨਗੇ।