ਕਾਠਮੰਡੂ, 10 ਜਨਵਰੀ
ਨੇਪਾਲ ਦੇ ਨਵ-ਨਿਯੁਕਤ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਾਹਲ ‘ਪ੍ਰਚੰਡ’ ਨੇ ਅੱਜ ਨੇਪਾਲੀ ਸੰਸਦ ਵਿੱਚ ਭਰੋਸੇ ਦੀ ਵੋਟ ਜਿੱਤ ਲਈ ਹੈ। ਸੀਪੀਐੱਨ-ਮਾਓਵਾਦੀ ਕੇਂਦਰ ਦੇ 68 ਸਾਲਾ ਆਗੂ ਨੇ ਬੀਤੀ 26 ਦਸੰਬਰ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਸੀ। ਸੰਸਦ ਵਿੱਚ ਵੋਟਿੰਗ ਦੌਰਾਨ 270 ਵਿੱਚੋਂ 268 ਮੈਂਬਰਾਂ ਨੇ ਪ੍ਰਧਾਨ ਮੰਤਰੀ ਪ੍ਰਚੰਡ ਦੇ ਹੱਕ ਵਿੱਚ, ਜਦੋਂਕਿ ਦੋ ਨੇ ਵਿਰੋਧ ਵਿੱਚ ਵੋਟ ਪਾਈ। ਸਦਨ ਦੇ ਸਭ ਤੋਂ ਸੀਨੀਅਰ ਮੈਂਬਰ ਪਸ਼ੂਪਤੀ ਸ਼ਮਸ਼ੇਰ ਜੇ ਬੀ ਰਾਣਾ ਇਸ ਕਾਰਵਾਈ ਦੀ ਪ੍ਰਧਾਨਗੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਦ ਵਿੱਚ ਪ੍ਰਧਾਨ ਮੰਤਰੀ ਪ੍ਰਚੰਡ ਦੇ ਹੱਕ ਵਿੱਚ ਭਰੋਸੇ ਦੀ ਵੋਟ ਦੀ ਤਜਵੀਜ਼ ਪਾਸ ਹੋ ਗਈ ਹੈ। ਰਾਣਾ ਨੇ ਇਸ ਦੌਰਾਨ ਵੋਟ ਨਹੀਂ ਪਾਈ, ਜਦੋਂਕਿ ਚਾਰ ਹੋਰ ਕਾਨੂੰਨਘਾੜੇ ਗ਼ੈਰਹਾਜ਼ਰ ਰਹੇ। ਪ੍ਰਚੰਡ ਨੂੰ ਭਰੋਸੇ ਦੀ ਵੋਟ ਲਈ 275 ਮੈਂਬਰੀ ਸੰਸਦ ਵਿੱਚ ਸਿਰਫ਼ 138 ਵੋਟਾਂ ਦੀ ਲੋੜ ਸੀ।