ਮਨੀਪੁਰ ਦੇ ਮਸਲੇ ’ਤੇ ਪ੍ਰਧਾਨ ਮੰਤਰੀ ਨੂੰ ਤਿੰਨ ਸਵਾਲ ਕੀਤੇ ਤੇ ਤਿੰਨ ਮੰਗਾਂ ਰੱਖੀਆਂ
ਪ੍ਰਧਾਨ ਮੰਤਰੀ ਨੂੰ ਸੁਆਲ
* ਪ੍ਰਧਾਨ ਮੰਤਰੀ ਮੋਦੀ ਨੇ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ?
* ਸੂਬੇ ਿਵੱਚ ਬਣੇ ਹਾਲਾਤ ਬਾਰੇ ਚੁੱਪ ਤੋੜਨ ਲਈ 80 ਦਿਨ ਕਿਉਂ ਲਏ?
* ਮਨੀਪੁਰ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ?
* ਕਾਂਗਰਸ ਆਗੂ ਗੌਰਵ ਗੋਗੋਈ ਨੇ ਬੇਭਰੋਸਗੀ ਮਤੇ ’ਤੇ ਚਰਚਾ ਦੀ ਸ਼ੁਰੂਆਤ ਕੀਤੀ
ਨਵੀਂ ਦਿੱਲੀ, 9 ਅਗਸਤ
ਕਾਂਗਰਸ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਚੀਨੀ ਘੁਸਪੈਠ ਤੇ ਮਨੀਪੁਰ ’ਚ ਹੋ ਰਹੀ ਹਿੰਸਾ ਜਿਹੇ ਗੰਭੀਰ ਮੁੱਦਿਆਂ ’ਤੇ ਚੁੱਪ ਧਾਰਨ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਵਿਰੋਧੀ ਪਾਰਟੀਆਂ ਪ੍ਰਧਾਨ ਮੰਤਰੀ ਦੀ ਚੁੱਪ ਤੋੜਨ ਲਈ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਮਜਬੂਰ ਹੋਈਆਂ ਹਨ।
ਲੋਕ ਸਭਾ ’ਚ ਮਤੇ ’ਤੇ ਬਹਿਸ ਦੀ ਸ਼ੁਰੂਆਤ ਕਰਦਿਆਂ ਕਾਂਗਰਸ ਦੇ ਸੰਸਦ ਮੈਂਬਰ ਗੌਰਵ ਗੋਗੋਈ ਨੇ ਕਿਹਾ ਮਨੀਪੁਰ ਦੇ ਮੁੱਦੇ ’ਤੇ ਤਿੰਨ ਸਵਾਲ ਕੀਤੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਮਨੀਪੁਰ ਦਾ ਦੌਰਾ ਕਿਉਂ ਨਹੀਂ ਕੀਤਾ? ਉਨ੍ਹਾਂ ਸੂਬੇ ’ਚ ਬਣੇ ਹਾਲਾਤ ਬਾਰੇ ਚੁੱਪ ਤੋੜਨ ਲਈ 80 ਦਿਨ ਕਿਉਂ ਲਏ? ਅਤੇ ਉਨ੍ਹਾਂ ਮਨੀਪੁਰ ਦੇ ਮੁੱਖ ਮੰਤਰੀ ਨੂੰ ਅਹੁਦੇ ਤੋਂ ਕਿਉਂ ਨਹੀਂ ਹਟਾਇਆ? ਉਨ੍ਹਾਂ ਨਾਲ ਹੀ ਤਿੰਨ ਮੰਗਾਂ ਵੀ ਰੱਖੀਆਂ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਚਾਹੁੰਦੀ ਹੈ ਕਿ ਪ੍ਰਧਾਨ ਮੰਤਰੀ ਮਨੀਪੁਰ ਦਾ ਦੌਰਾ ਕਰਨ, ਉਹ ਉੱਤਰ-ਪੂਰਬੀ ਸੂਬੇ ’ਚ ਸਰਬ-ਪਾਰਟੀ ਵਫ਼ਦ ਦੀ ਅਗਵਾਈ ਕਰਨ ਅਤੇ ਸੂਬੇ ’ਚ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਉੱਥੇ ਸ਼ਾਂਤੀ ਬਹਾਲ ਕਰਨ ਲਈ ਕਦਮ ਚੁੱਕਣ। ਪ੍ਰਧਾਨ ਮੰਤਰੀ ਦੀ ਚੁੱਪ ਲਈ ਆਪਣੇ ਕਾਰਨ ਗਿਣਾਉਂਦਿਆਂ ਉਨ੍ਹਾਂ ਦੋਸ਼ ਲਾਇਆ, ‘ਸੂਬਾ ਸਰਕਾਰ ਦੇ ਮਨੀਪੁਰ ’ਚ ਹਿੰਸਕ ਘਟਨਾਵਾਂ ਨਾਲ ਨਜਿੱਠਣ ਵਿੱਚ ਨਾਕਾਮ ਰਹਿਣ ਅਤੇ ਗ੍ਰਹਿ ਵਿਭਾਗ ਤੇ ਕੌਮੀ ਸੁਰੱਖਿਆ ਸਲਾਹਕਾਰ ਦੇ ਹਾਲਾਤ ਨਾਲ ਨਜਿੱਠਣ ’ਚ ਨਾਕਾਮ ਰਹਿਣ ਕਾਰਨ ਉਹ ਚੁੱਪ ਹਨ।’ ਉਨ੍ਹਾਂ ਕਿਹਾ, ‘ਪ੍ਰਧਾਨ ਮੰਤਰੀ ਦੀ ਚੁੱਪ ਦਾ ਤੀਜਾ ਕਾਰਨ ਇਹ ਹੈ ਕਿ ਉਹ ਆਪਣੀ ਗਲਤੀ ਮੰਨਣੀ ਪਸੰਦ ਨਹੀਂ ਕਰਦੇ। ਉਹ ਕਦੀ ਵੀ ਜਨਤਕ ਤੌਰ ’ਤੇ ਸਵੀਕਾਰ ਨਹੀਂ ਕਰਨਗੇ ਕਿ ਉਨ੍ਹਾਂ ਦੀ ਸਰਕਾਰ ਨਾਕਾਮ ਰਹੀ ਹੈ। ਉਹ ਗਲਤੀ ਮੰਨਣ ਦੀ ਥਾਂ ਚੁੱਪ ਰਹਿਣ ਨੂੰ ਤਰਜੀਹ ਦੇਣਗੇ।’ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ‘ਇੰਡੀਆ’ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਮਜਬੂਰ ਹੋਇਆ ਹੈ ਅਤੇ ਇਹ ਮਤਾ ਵਿਰੋਧੀ ਧਿਰ ਦੇ ਮੈਂਬਰਾਂ ਦੀ ਗਿਣਤੀ ਬਾਰੇ ਨਹੀਂ ਹੈ ਬਲਕਿ ਇਹ ਮਨੀਪੁਰ ਲਈ ਇਨਸਾਫ ਬਾਰੇ ਹੈ। ਉਨ੍ਹਾਂ ਕਿਹਾ, ‘ਜੇਕਰ ਮਨੀਪੁਰ ਸੜਦਾ ਹੈ ਤਾਂ ਸਾਰਾ ਭਾਰਤ ਸੜਦਾ ਹੈ। ਜੇਕਰ ਮਨੀਪੁਰ ਵੰਡਿਆ ਜਾਂਦਾ ਹੈ ਤਾਂ ਦੇਸ਼ ਵੀ ਵੰਡਿਆ ਜਾਵੇਗਾ। ਦੇਸ਼ ਦੇ ਆਗੂ ਹੋਣ ਦੇ ਨਾਤੇ ਸਾਡੀ ਮੰਗ ਹੈ ਕਿ ਪ੍ਰਧਾਨ ਮੰਤਰੀ ਸਦਨ ’ਚ ਆਉਣ ਅਤੇ ਮਨੀਪੁਰ ਬਾਰੇ ਬੋਲਣ। ਹਾਲਾਂਕਿ ਉਨ੍ਹਾਂ ਮੌਨ ਵਰਤ5 ਰੱਖਿਆ ਹੋਇਆ ਹੈ ਅਤੇ ਉਹ ਨਾ ਲੋਕ ਸਭਾ ਤੇ ਨਾ ਹੀ ਰਾਜ ਸਭਾ ’ਚ ਕੁਝ ਬੋਲਣਗੇ।’ ਉਨ੍ਹਾਂ ਕਿਹਾ, ‘ਜਦੋਂ ਦੇਸ਼ ਦੇ ਲੋਕ ਕਰੋਨਾ ਦੀ ਦੂਜੀ ਲਹਿਰ ਦੌਰਾਨ ਮਰ ਰਹੇ ਸੀ ਤਾਂ ਪ੍ਰਧਾਨ ਮੰਤਰੀ ਪੱਛਮੀ ਬੰਗਾਲ ’ਚ ਵੋਟਾਂ ਮੰਗ ਰਹੇ ਸੀ। ਜਦੋਂ ਮਨੀਪੁਰ ’ਚ ਮਹਿਲਾਵਾਂ ਦੀ ਬੇਇੱਜ਼ਤੀ ਹੋ ਰਹੀ ਸੀ ਤਾਂ ਪ੍ਰਧਾਨ ਮੰਤਰੀ ਕਰਨਾਟਕ ’ਚ ਵੋਟਾਂ ਮੰਗ ਕਰ ਰਹੇ ਹਨ। ਇਹ ਕਿਸ ਤਰ੍ਹਾਂ ਦਾ ਰਾਸ਼ਟਰਵਾਦ ਹੈ ਜਿਸ ਵਿੱਚ ਦੇਸ਼ ਦੀ ਥਾਂ ਸੱਤਾ ਨੂੰ ਉੱਪਰ ਰੱਖਿਆ ਜਾਂਦਾ ਹੈ।’ ਉਨ੍ਹਾਂ 2002 ਵਿੱਚ ਗੁਜਰਾਤ ’ਚ ਹੋਏ ਫਿਰਕੂ ਦੰਗਿਆਂ ਮਗਰੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਵੱਲੋਂ ਸੂਬੇ ਦਾ ਦੌਰਾ ਕੀਤੇ ਜਾਣ ਦਾ ਵੀ ਹਵਾਲਾ ਦਿੱਤਾ। ਪ੍ਰਧਾਨ ਮੰਤਰੀ ਵੱਲੋਂ ਕਈ ਹੋਰ ਮੁੱਦਿਆਂ ’ਤੇ ਚੁੱਪ ਰਹਿਣ ਦਾ ਮੁੱਦਾ ਚੁਕਦਿਆਂ ਗੋਗੋਈ ਨੇ ਕਿਹਾ, ‘ਜਦੋਂ ਤਗਮਾ ਜੇਤੂ ਮਹਿਲਾ ਪਹਿਲਵਾਨ ਸੜਕਾਂ ’ਤੇ ਮੁਜ਼ਾਹਰੇ ਕਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ। ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਦੌਰਾਨ ਜਦੋਂ 750 ਕਿਸਾਨਾਂ ਦੀਆਂ ਜਾਨਾਂ ਗਈਆਂ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ। ਸਾਲ 2020 ਵਿੱਚ ਜਦੋਂ ਦਿੱਲੀ ’ਚ ਦੰਗੇ ਹੋਏ ਅਤੇ ਵਿਦੇਸ਼ੀ ਆਗੂ ਨੇ ਭਾਰਤ ਦਾ ਦੌਰਾ ਕੀਤਾ ਤਾਂ ਪ੍ਰਧਾਨ ਮੰਤਰੀ ਚੁੱਪ ਰਹੇ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਚੀਨੀ ਘੁਸਪੈਠ ਦੇ ਮੁੱਦੇ ਅਤੇ ਪੁਲਵਾਮਾ ’ਚ ਫੌਜ ਦੇ ਜਵਾਨ ਸ਼ਹੀਦ ਹੋਣ ਨਾਲ ਸਬੰਧਤ ਸਵਾਲਾਂ ’ਤੇ ਵੀ ਚੁੱਪ ਹਨ।