ਨਵੀਂ ਦਿੱਲੀ, 14 ਨਵੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਹ ਆਲਮੀ ਵਿਕਾਸ, ਖੁਰਾਕ ਅਤੇ ਊਰਜਾ ਯਕੀਨੀ ਬਣਾਉਣ, ਵਾਤਾਵਰਣ, ਸਿਹਤ ਅਤੇ ਡਿਜੀਟਲ ਤਬਦੀਲੀਆਂ ਵਰਗੇ ਮੁੱਦਿਆਂ ਦੇ ਹੱਲ ਲਈ ਬਾਲੀ ਵਿੱਚ ਜੀ-20 ਮੈਂਬਰ ਮੁਲਕਾਂ ਦੇ ਆਗੂਆਂ ਨਾਲ ਵਿਸਥਾਰਤ ਚਰਚਾ ਕਰਨਗੇ। ਜੀ-20 ਸਿਖਰ ਸੰਮੇਲਨ ਵਿੱਚ ਸ਼ਿਰਕਤ ਕਰਨ ਲਈ ਇੰਡੋਨੇਸ਼ੀਆਂ ਦੀ ਰਾਜਧਾਨੀ ਬਾਲੀ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਬਿਆਨ ਵਿੱਚ ਇਹ ਗੱਲ ਕਹੀ। ਪ੍ਰਧਾਨ ਮੰਤਰੀ ਜੀ-20 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਬਾਅਦ ਦੁਪਹਿਰ ਇੰਡੋਨੇਸ਼ੀਆ ਲਈ ਰਵਾਨਾ ਹੋਏ। ਉਨ੍ਹਾਂ ਕਿਹਾ ਕਿ ਉਹ ਆਲਮੀ ਚੁਣੌਤੀਆਂ ਦੇ ਸਮੂਹਿਕ ਹੱਲ ਲਈ ਭਾਰਤ ਵੱਲੋਂ ਕੀਤੀਆਂ ਪ੍ਰਾਪਤੀਆਂ ਅਤੇ ਵਚਨਬੱਧਤਾ ਵੀ ਦੁਹਰਾਉਣਗੇ। ਪ੍ਰਧਾਨ ਮੰਤਰੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਤਿੰਨ ਦਿਨਾਂ ਯਾਤਰਾ ’ਤੇ ਇੰਡੋਨੇਸ਼ੀਆ ਗਏ ਹਨ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਵੀ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ।