ਲਿਬਰਲ ਪਾਰਟੀ ਨੇ 27 ਸਵਾਲ ਭੇਜ ਕੇ ਜਵਾਬ ਮੰਗਿਆ
ਵੈਨਕੂਵਰ : ਅਗਲੇ ਮਹੀਨੇ 9 ਮਾਰਚ ਨੂੰ ਹੋਣ ਵਾਲੀ ਚੋਣ ਵਿਚ ਕੈਨੇਡਾ ਦੀ ਲਿਬਰਲ ਪਾਰਟੀ ਦੀ ਉਮੀਦਵਾਰ ਤੇ ਸਾਬਕ ਸੰਸਦ ਮੈਂਬਰ ਰੂਬੀ ਢੱਲਾ ਆਪਣੀ ਚੋਣ ਵਿੱਚ ਵਿਦੇਸ਼ੀ ਦਖ਼ਲ ਦੇ ਸਵਾਲਾਂ ਵਿੱਚ ਘਿਰਨ ਲੱਗੀ ਹੈ। ਪਾਰਟੀ ਹਾਈ ਕਮਾਂਡ ਨੇ ਉਸ ਨੂੰ 27 ਸਵਾਲਾਂ ਦੀ ਸੂਚੀ ਭੇਜ ਕੇ ਨਿਸ਼ਚਿਤ ਸਮੇਂ ਵਿੱਚ ਜਵਾਬ ਦੇਣ ਲਈ ਕਿਹਾ ਹੈ। ਸੂਤਰਾਂ ਅਨੁਸਾਰ ਸਵਾਲਾਂ ਵਾਲੀ ਸੂਚੀ ਵਿੱਚ ਉਸ ਦੀ ਚੋਣ ਵਿੱਚ ਕਿਸੇ ਬਾਹਰੀ ਸਰਕਾਰ ਵਲੋਂ ਅੰਦਰਖਾਤੇ ਹਮਾਇਤ ਬਾਰੇ ਵੀ ਸਵਾਲ ਹਨ। ਉਸ ਤੋਂ ਕੰਜ਼ਰਵੇਟਿਵ ਪਾਰਟੀ ਦੇ ਸੂਬਾਈ ਪ੍ਰਧਾਨ ਤੇ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਦੀ ਹਮਾਇਤ ਮੰਗਣ ਬਾਰੇ ਵੀ ਸਵਾਲ ਪੁੱਛਿਆ ਗਿਆ ਹੈ। ਉਧਰ ਸਵਾਲ ਸੂਚੀ ਵਿੱਚ ਆਪਣਾ ਨਾਂਅ ਆਉਣ ’ਤੇ ਪੈਟਰਿਕ ਬਰਾਊਨ ਨੇ ਬਿਆਨ ਜਾਰੀ ਕਰਕੇ ਇਸ ਦੋਸ਼ ਨੂੰ ਨਕਾਰਿਆ ਹੈ। ਗਲੋਬ ਐਂਡ ਮੇਲ ਅਨੁਸਾਰ ਰੂਬੀ ਢਾਲਾ ਨੂੰ ਚੋਣ ਫੰਡ ਬਾਰੇ ਵੀ ਸਵਾਲ ਕੀਤੇ ਗਏ ਤੇ 12 ਵੱਡੇ ਫੰਡ ਦਾਨੀਆਂ ਬਾਰੇ ਪੁੱਛਿਆ ਗਿਆ ਹੈ।
ਰੂਬੀ ਢੱਲਾ ਦੇ ਚੋਣ ਦਫਤਰ ਨੇ ਸਵਾਲਾਂ ਦੀ ਸੂਚੀ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਨ੍ਹਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਲਿਬਰਲ ਪਾਰਟੀ ਦੇ ਬੁਲਾਰੇ ਨੇ ਹਾਲਾਂਕਿ ਸੂਚੀ ਤੋਂ ਚੁੱਪ ਵੱਟੀ ਹੋਈ ਹੈ, ਪਰ ਪਾਰਟੀ ਦੇ ਵਕੀਲ ਐਲਿਕਸਿਸ ਲਿਵਾਈਨ ਨੇ ਮੰਨਿਆ ਕਿ ਰੂਬੀ ਢੱਲਾ ਨੂੰ ਦਾਨ ਦੇਣ ਵਾਲੇ 6 ਜੋੜਿਆਂ ਤੋਂ ਪੁੱਛਿਆ ਗਿਆ ਹੈ ਕਿ ਉਨ੍ਹਾਂ ਨੇ ਇੱਕੋ ਕਰੈਡਿਟ ਕਾਰਡ ਤੋਂ ਅਦਾਇਗੀ ਕਿਉਂ ਕੀਤੀ ? ਵਕੀਲ ਨੇ ਦੱਸਿਆ ਕਿ ਰੂਬੀ ਢੱਲਾ ਦੀਆਂ ਕੰਪਨੀਆਂ ਦੇ ਕਾਮਿਆਂ ਨੂੰ ਕਿਹਾ ਗਿਆ ਹੈ ਕਿ ਜੇ ਉਹ ਚੋਣ ਮੁਹਿੰਮ ਵਿੱਚ ਸਵੈਸੇਵੀ ਵਜੋਂ ਵਿਚਰ ਰਹੇ ਹਨ ਤਾਂ ਇਸ ਦਾ ਹਲਫੀਆ ਬਿਆਨ ਪਾਰਟੀ ਨੂੰ ਭੇਜਣ। ਚੇਤੇ ਰਹੇ ਕਿ 24 ਫਰਵਰੀ ਨੂੰ ਉਮੀਦਵਾਰਾਂ ਦੀ ਜਨਤਕ ਬਹਿਸ ਕਰਵਾਈ ਜਾਣੀ ਹੈ।
ਰੂਬੀ ਢੱਲਾ 2004 ਤੇ 2006 ਵਿੱਚ ਸੰਸਦ ਮੈਂਬਰ ਚੁਣੀ ਗਈ ਸੀ, ਪਰ 2011 ਵਿੱਚ ਹਾਰਨ ਤੋਂ ਬਾਅਦ ਸਿਆਸੀ ਖੇਡ ’ਚੋਂ ਬਾਹਰ ਹੋ ਗਈ ਸੀ। ਪਾਰਟੀ ਲੀਡਰਸ਼ਿਪ ਦੀ ਚੋਣ ਮੌਕੇ ਅਚਾਨਕ ਸੁਰਖੀਆਂ ਵਿੱਚ ਆਈ ਹੈ। ਗੌਰਤਲਬ ਹੈ ਕਿ ਚੁਣਿਆ ਜਾਣ ਵਾਲਾ ਪਾਰਟੀ ਦਾ ਆਗੂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਲਵੇਗਾ ਤੇ ਅਗਲੀ ਸੰਸਦੀ ਚੋਣ ਤੱਕ ਇਸ ਅਹੁਦੇ ’ਤੇ ਰਹਿ ਸਕਦਾ ਹੈ। ਉਂਜ ਬਹੁਤੀਆਂ ਸੰਭਾਵਨਾਵਾਂ ਹਨ ਕਿ ਗਵਰਨਰ ਜਨਰਲ ਮੈਰੀ ਸਾਇਮਨ ਵਲੋਂ 27 ਮਾਰਚ ਤੋਂ ਬਾਅਦ ਸੱਦੇ ਜਾਣ ਵਾਲੇ ਪਾਰਲੀਮੈਂਟ ਦੇ ਬਸੰਤ ਰੁੱਤ ਸੈਸ਼ਨ ਮੌਕੇ ਲਿਬਰਲ ਪਾਰਟੀ ਦੀ ਘੱਟਗਿਣਤੀ ਸਰਕਾਰ ਨੂੰ ਕਿਸੇ ਹੋਰ ਪਾਰਟੀ ਤੋਂ ਸਮਰਥਨ ਨਾ ਮਿਲਣ ਕਰਕੇ ਪਾਰਲੀਮੈਂਟ ਭੰਗ ਕਰਕੇ ਚੋਣਾਂ ਦਾ ਐਲਾਨ ਕਰ ਦਿੱਤਾ ਜਾਵੇ।