ਪੋਰਟ ਮੋਰੇਸਬੀ, 23 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਾਪੂਆ ਨਿਊ ਗਿਨੀ ਤੇ ਫਿਜੀ ਦੇ ਸਰਵਉੱਚ ਨਾਗਰਿਕਾਂ ਸਨਮਾਨ ਨਾਲ ਨਿਵਾਜਿਆ ਗਿਆ ਹੈ। ਦੋ ਪ੍ਰਸ਼ਾਂਤ ਟਾਪੂ ਮੁਲਕਾਂ ਵੱਲੋਂ ਕਿਸੇ ਗੈਰ-ਨਾਗਰਿਕ ਨੂੰ ਦਿੱਤਾ ਇਹ ਨਿਵੇਕਲਾ ਸਨਮਾਨ ਹੈ। ਭਾਰਤੀ ਵਿਦੇਸ਼ ਮੰਤਰਾਲੇ ਇਕ ਬਿਆਨ ਵਿੱਚ ਕਿਹਾ ਕਿ ਸਰਕਾਰੀ ਹਾਊਸ ਵਿੱਚ ਵਿਸ਼ੇਸ਼ ਸਮਾਗਮ ਦੌਰਾਨ ਪਾਪੂਆ ਨਿਊ ਗਿਨੀ ਦੇ ਰਾਜਪਾਲ ਸਰ ਬੌਬ ਡਾਡੇਈ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਗਰੈਂਡ ਕੰਪੈਨੀਅਨ ਆਫ ਦਿ ਆਰਡਰ ਆਫ ਲੋਗੋਹੂ (ਜੀਸੀਐੱਲ) ਨਾਲ ਸਨਮਾਨਿਤ ਕੀਤਾ। ਬਿਆਨ ਵਿੱਚ ਕਿਹਾ ਗਿਆ ਕਿ ਇਹ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਹੈ ਤੇ ਇਹ ਐਵਾਰਡ ਹਾਸਲ ਕਰਨ ਵਾਲੇ ਦੇ ਨਾਂ ਅੱਗੇ ‘ਚੀਫ਼’ ਸਿਰਲੇਖ ਲਾਇਆ ਜਾਂਦਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨੇ ਚੀਨ ਦੇ ਅਸਿੱਧੇ ਹਵਾਲੇ ਨਾਲ 14 ਪ੍ਰਸ਼ਾਂਤ ਟਾਪੂ ਮੁਲਕਾਂ ਦੇ ਆਗੂਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸਲ ਦੋਸਤ ਉਹੀ ਹੈ ਜੋ ਲੋੜ ਪੈਣ ’ਤੇ ਕੰਮ ਆਏ। ਉਨ੍ਹਾਂ ਕਿਹਾ ਕਿ ਜਿਹੜੇ ਭਰੋਸੇਯੋਗ ਮੰਨੇ ਜਾਂਦੇ ਸੀ, ‘ਉਹ ਲੋੜ ਪੈਣ ’ਤੇ ਸਾਡੇ ਨਾਲ ਨਹੀਂ ਖੜ੍ਹੇ।’ ਸ੍ਰੀ ਮੋਦੀ ਨੇ ਪਾਪੂਆ ਨਿਊ ਗਿਨੀ ਦੇ ਆਪਣੇ ਹਮਰੁਤਬਾ ਜੇਮਜ਼ ਮਾਰਾਪੇ ਨਾਲ ਦੁਵੱਲੇ ਸਬੰਧਾਂ ਦੀ ਸਮੀਖਿਆ ਵੀ ਕੀਤੀ। ਦੋਵਾਂ ਆਗੂਆਂ ਨੇ ਵਣਜ, ਤਕਨਾਲੋਜੀ, ਸਿਹਤ ਸੰਭਾਲ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿੱਚ ਸਹਿਯੋਗ ਵਧਾਉਣ ਦੇ ਤਰੀਕਿਆਂ ਬਾਰੇ ਚਰਚਾ ਕੀਤੀ। ਇਸ ਤੋਂ ਪਹਿਲਾਂ ਫਿਜੀ ਦੇ ਪ੍ਰਧਾਨ ਮੰਤਰੀ ਸਿਤੀਵੇਨੀ ਰਾਬੂਕਾ ਨੇ ਵੀ ਸ੍ਰੀ ਮੋਦੀ ਨੂੰ ਦੇਸ਼ ਦਾ ਸਰਵਉੱਚ ਨਾਗਰਿਕ ਸਨਮਾਨ ਦਿੱਤਾ। ਇਥੇ ਪੋਰਟ ਮੋਰੇਸਬੀ ਵਿੱਚ ਐੱਫਆਈਪੀਆਈਸੀ (ਫੋਰਮ ਫਾਰ ਇੰਡੀਆ ਪੈਸੇਫਿਕ ਆਈਲੈਂਡਜ਼ ਕੋਆਪਰੇਸ਼ਨ) ਸਿਖਰ ਵਾਰਤਾ ਦੌਰਾਨ ਆਗੂਆਂ ਨੂੰ ਆਪਣੇ ਸੰਬੋਧਨ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਮੁਸ਼ਕਲ ਸਮੇਂ ਵਿਚ ਪ੍ਰਸ਼ਾਂਤ ਟਾਪੂ ਮੁਲਕਾਂ ਨਾਲ ਖੜ੍ਹਦਾ ਰਿਹਾ ਹੈ। ਉਨ੍ਹਾਂ ਆਗੂਆਂ ਨੂੰ ਕਿਹਾ ਕਿ ਉਹ ਨਵੀਂ ਦਿੱਲੀ ਨੂੰ ‘ਭਰੋਸੇਯੋਗ’ ਵਿਕਾਸ ਭਾਈਵਾਲ ਮੰਨ ਸਕਦੇ ਹਨ, ਕਿਉਂਕਿ ਭਾਰਤ ਉਨ੍ਹਾਂ ਦੀਆਂ ਤਰਜੀਹਾਂ ਦਾ ਸਤਿਕਾਰ ਕਰਦਾ ਹੈ ਤੇ ਸਹਿਯੋਗ ਲਈ ਉਸ ਦੀ ਪਹੁੰਚ ਮਾਨਵੀ ਕਦਰਾਂ ਕੀਮਤਾਂ ’ਤੇ ਅਧਾਰਿਤ ਹੈ। ਤਿੰਨ ਮੁਲਕੀ ਦੌਰੇ ਦੇ ਆਪਣੇ ਦੂਜੇ ਪੜਾਅ ਤਹਿਤ ਐਤਵਾਰ ਨੂੰ ਇਥੇ ਪੁੱਜੇ ਪ੍ਰਧਾਨ ਮੰਤਰੀ ਨੇ ਪ੍ਰਸ਼ਾਂਤ ਟਾਪੂ ਮੁਲਕਾਂ ਲਈ ਖੁੱਲ੍ਹੇ ਤੇ ਮੋਕਲੇ ਹਿੰਦ-ਪ੍ਰਸ਼ਾਂਤ ਖਿੱਤੇ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ।

ਸ੍ਰੀ ਮੋਦੀ ਨੇ ਟਾਪੂਨੁਮਾ ਮੁਲਕਾਂ ਨੂੰ ਯਕੀਨ ਦਿਵਾਇਆ ਕਿ ਭਾਰਤ ‘ਬੇਝਿਜਕ ਹੋ ਕੇ’ ਆਪਣੀ ਸਮਰੱਥਾ ਤੇ ਤਜਰਬਿਆਂ ਨੂੰ ਉਨ੍ਹਾਂ ਨਾਲ ਸਾਂਝਾ ਕਰਨ ਲਈ ਤਿਆਰ ਹੈ ਤੇ ‘ਉਹ ਹਰ ਤਰੀਕੇ ਨਾਲ ਉਨ੍ਹਾਂ ਨਾਲ ਖੜ੍ਹੇ ਹਨ।’ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਪੂਆ ਨਿਊ ਗਿਨੀ ਦੀ ਰਾਜਧਾਨੀ ਵਿੱਚ ਇਹ ਟਿੱਪਣੀਆਂ ਅਜਿਹੇ ਮੌਕੇ ਕੀਤੀਆਂ ਹਨ, ਜਦੋਂ ਇਸ ਖਿੱਤੇ ਵਿੱਚ ਚੀਨ ਦਾ ਹਮਲਾਵਰ ਰੁਖ਼ ਕਿਸੇ ਤੋਂ ਲੁਕਿਆ ਨਹੀਂ ਤੇ ਉਸ ਵੱਲੋਂ ਪ੍ਰਸ਼ਾਂਤ ਟਾਪੂ ਮੁਲਕਾਂ ਵਿੱਚ ਆਪਣਾ ਪ੍ਰਭਾਵ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਸ੍ਰੀ ਮੋਦੀ ਨੇ ਕਿਹਾ, ‘‘ਜਿਨ੍ਹਾਂ ਨੂੰ ਤੁਸੀਂ ਭਰੋਸੇਯੋਗ ਮੰਨਦੇ ਸੀ, ਉਹ ਲੋੜ ਪੈਣ ’ਤੇੇ ਸਾਡੇ ਨਾਲ ਨਹੀਂ ਖੜ੍ਹੇ।’’ ਉਨ੍ਹਾਂ ਕਿਹਾ, ‘‘ਮੈਨੂੰ ਖ਼ੁਸ਼ੀ ਹੈ ਕਿ ਇਸ ਚੁਣੌਤੀਪੂਰਨ ਸਮੇਂ ਵਿਚ ਭਾਰਤ ਪ੍ਰਸ਼ਾਂਤ ਟਾਪੂ ਮੁਲਕਾਂ ਦੇ ਨਾਲ ਖੜ੍ਹਾ। ਵੈਕਸੀਨ ਹੋਵੇ ਜਾਂ ਫਿਰ ਜ਼ਰੂਰੀ ਦਵਾਈਆਂ, ਕਣਕ ਜਾਂ ਚੀਨੀ; ਭਾਰਤ ਨੇ ਆਪਣੀ ਸਮਰੱਥਾ ਮੁਤਾਬਕ ਸਾਰੇ ਭਾਈਵਾਲ ਮੁਲਕਾਂ ਦੀ ਮਦਦ ਕੀਤੀ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਦੀ ਵਿਕਾਸ ਭਾਈਵਾਲੀ ਤੱਕ ਪਹੁੰਚ ‘ਮਾਨਵੀ ਮੁੱਲਾਂ’ ਉੱਤੇ ਅਧਾਰਿਤ ਹੈ। ਭਾਰਤ ਤੁਹਾਡੀਆਂ ਤਰਜੀਹਾਂ ਦਾ ਸਤਿਕਾਰ ਕਰਦਾ ਹੈ। ਉਸ ਨੂੰ ਤੁਹਾਡਾ ਵਿਕਾਸ ਭਾਈਵਾਲ ਹੋਣ ਦਾ ਮਾਣ ਹੈ। ਮਾਨਵੀ ਸਹਾਇਤਾ ਜਾਂ ਤੁਹਾਡਾ ਵਿਕਾਸ, ਤੁਸੀਂ ਭਾਰਤ ’ਤੇ ਭਰੋਸੇਯੋਗ ਭਾਈਵਾਲ ਵਜੋਂ ਟੇਕ ਰੱਖ ਸਕਦੇ ਹੋ।’’ ਸ੍ਰੀ ਮੋਦੀ ਨੇ ਟਾਪੂਨੁਮਾ ਮੁਲਕਾਂ ਵਿੱਚ ਜਨ ਔਸ਼ਧੀ ਕੇਂਦਰ ਅਤੇ ਛੋਟੇ ਤੇ ਦਰਮਿਆਨੇ ਉੱਦਮੀ ਸੈਕਟਰ ਲਈ ਵਿਕਾਸ ਪ੍ਰਾਜੈਕਟ ਲਿਆਉਣ ਦਾ ਐਲਾਨ ਕੀਤਾ। ਉਨ੍ਹਾਂ ਪਾਣੀ ਦੀ ਕਿੱਲਤ ਨਾਲ ਜੁੜੇ ਮਸਲੇ ਨੂੰ ਮੁਖਾਤਿਬ ਹੋਣ ਦਾ ਵੀ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਯੂਐੱਨ ਸੁਰੱਖਿਆ ਕੌਂਸਲ ’ਚ ‘ਗਲੋਬਲ ਸਾਊਥ ਦੀ ਆਵਾਜ਼’ ਜ਼ੋਰਦਾਰ ਢੰਗ ਨਾਲ ਰੱਖੀ ਜਾਣੀ ਚਾਹੀਦੀ ਹੈ। ਦੂਜੀ ਐੱਫਆਈਪੀਆਈਸੀ ਸਿਖਰ ਵਾਰਤਾ 21 ਅਗਸਤ ਨੂੰ ਜੈਪੁਰ ਵਿੱਚ ਹੋਵੇਗੀ, ਜਿਸ ਵਿੱਚ 14 ਪ੍ਰਸ਼ਾਂਤ ਟਾਪੂ ਮੁਲਕ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿਜੀ ਦੀ ਆਪਣੀ ਫੇਰੀ ਦੌਰਾਨ 19 ਨਵੰਬਰ 2014 ਨੂੰ ਸੁਵਾ ਵਿੱਚ ਪਹਿਲੀ ਐੱਫਆਈਪੀਆਈਸੀ ਵਾਰਤਾ ਦੀ ਮੇਜ਼ਬਾਨੀ ਕੀਤੀ ਸੀ।