ਫ਼ਿਰੋਜ਼ਪੁਰ, 7 ਜਨਵਰੀ

ਫ਼ਿਰੋਜ਼ਪੁਰ ਵਿਚ ਲੰਘੀ 5 ਜਨਵਰੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ ਰੋਕੇ ਜਾਣ ਦੇ ਮਾਮਲੇ ਦੀ ਜਾਂਚ ਸ਼ੁਰੂ ਹੋ ਗਈ ਹੈ। ਇਸੇ ਸਬੰਧ ਵਿਚ ਅੱਜ ਇੱਥੇ ਕੇਂਦਰ ਤੋਂ ਆਈ ਤਿੰਨ ਮੈਂਬਰੀ ਜਾਂਚ ਕਮੇਟੀ ਪਿੰਡ ਪਿਆਰੇ ਆਣਾ ਦੇ ਫ਼ਲਾਈਓਵਰ ’ਤੇ ਪੁੱਜੀ ਅਤੇ ਘਟਨਾ ਵਾਲੀ ਥਾਂ ਦਾ ਮੁਆਇਨਾ ਕੀਤਾ।

ਕਮੇਟੀ ਦੀ ਅਗਵਾਈ ਕੇਂਦਰੀ ਸੁਰੱਖਿਆ ਸਕੱਤਰ ਸੁਧੀਰ ਕੁਮਾਰ ਸਕਸੈਨਾ ਕਰ ਰਹੇ ਹਨ। ਉਨ੍ਹਾਂ ਦੇ ਨਾਲ ਇੰਟੈਲੀਜੈਂਸ ਬਿਊਰੋ ਦੇ ਸੰਯੁਕਤ ਸਕੱਤਰ ਬਲਬੀਰ ਸਿੰਘ ਅਤੇ ਕੌਮੀ ਜਾਂਚ ਏਜੰਸੀ ਦੇ ਆਈਜੀ ਐੱਸ ਸੁਰੇਸ਼ ਵੀ ਮੌਜੂਦ ਹਨ। ਸਥਾਨਕ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਟੀਮ ਨੂੰ ਘਟਨਾ ਬਾਰੇ ਸਾਰੀ ਜਾਣਕਾਰੀ ਦਿੱਤੀ ਜਾ ਰਹੀ ਹੈ। ਸਥਾਨਕ ਅਧਿਕਾਰੀਆਂ ਵੱਲੋਂ ਫ਼ਿਲਹਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਵਾਲੇ ਦਿਨ ਕੁਝ ਪ੍ਰਦਰਸ਼ਨਕਾਰੀ ਅਚਾਨਕ ਸੜਕ ’ਤੇ ਆ ਗਏ ਸਨ, ਜਿਸ ਕਰ ਕੇ ਪ੍ਰਧਾਨ ਮੰਤਰੀ ਦਾ ਕਾਫ਼ਲਾ ਅੱਗੇ ਨਹੀਂ ਵਧ ਸਕਿਆ। ਅੱਜ ਦੀ ਇਸ ਜਾਂਚ ਤੋਂ ਬਾਅਦ ਪੁਲੀਸ ਦੇ ਕੁਝ ਉੱਚ ਅਧਿਕਾਰੀਆਂ ’ਤੇ ਤਲਵਾਰ ਲਟਕਦੀ ਹੋਈ ਸਾਫ਼ ਨਜ਼ਰ ਆ ਰਹੀ ਹੈ।