ਟੋਰਾਂਟੋ, 13 ਮਾਰਚ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਦਾ ਕਰੋਨਾਵਾਇਰਸ ਸਬੰਧੀ ਕੀਤਾ ਗਿਆ ਟੈਸਟ ਪਾਜ਼ੀਟਿਵ ਆਇਆ ਹੈ। ਇਸ ਦੀ ਪੁਸ਼ਟੀ ਪ੍ਰਧਾਨ ਮੰਤਰੀ ਦੇ ਆਫਿਸ ਵੱਲੋਂ ਕੀਤੀ ਗਈ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜੋ ਕਿ ਆਪਣੀ ਪਤਨੀ ਦੇ ਨਾਲ ਘਰ ਵਿੱਚ ਹੀ ਆਈਸੋਲੇਸ਼ਨ ਵਿੱਚ ਰਹਿ ਰਹੇ ਹਨ, ਦਾ ਅਜੇ ਤੱਕ ਕੋਵਿਡ-19 ਸਬੰਧੀ ਟੈਸਟ ਨਹੀਂ ਕੀਤਾ ਗਿਆ ਹੈ। ਅਜਿਹਾ ਇਸ ਲਈ ਕਿਉਂਕਿ ਅਜੇ ਤੱਕ ਉਨ੍ਹਾਂ ਵਿੱਚ ਇਸ ਦੇ ਕੋਈ ਲੱਛਣ ਨਜ਼ਰ ਨਹੀਂ ਆਏ ਹਨ। ਇਹ ਜਾਣਕਾਰੀ ਵੀ ਵੀਰਵਾਰ ਨੂੰ ਟਰੂਡੋ ਦੇ ਆਫਿਸ ਵੱਲੋਂ ਹੀ ਸਾਂਝੀ ਕੀਤੀ ਗਈ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੀ ਪਤਨੀ 14 ਦਿਨਾਂ ਦੇ ਨਿਰਧਾਰਤ ਸਮੇਂ ਲਈ ਆਈਸੋਲੇਸ਼ਨ ਵਿੱਚ ਹੀ ਰਹਿਣਗੇ।
ਬੁੱਧਵਾਰ ਨੂੰ ਵਿਸ਼ਵ ਸਿਹਤ ਸੰਸਥਾ (WHO) ਵੱਲੋਂ ਇਸ ਨੂੰ ਮਹਾਮਾਰੀ ਐਲਾਨਿਆ ਗਿਆ ਸੀ ਤੇ ਗ੍ਰੈਗੌਇਰ ਟਰੂਡੋ ਪਾਜ਼ੀਟਿਵ ਪਾਈ ਜਾਣ ਵਾਲੀ ਕੈਨੇਡਾ ਦੀ 158ਵੀਂ ਮਹਿਲਾ ਬਣ ਗਈ ਹੈ। ਉਨ੍ਹਾਂ ਇੱਕ ਬਿਆਨ ਵਿੱਚ ਆਖਿਆ ਕਿ ਇਸ ਵਾਇਰਸ ਦੇ ਲੱਛਣਾਂ ਕਾਰਨ ਉਨ੍ਹਾਂ ਨੂੰ ਕਾਫੀ ਅਸਹਿਜ ਲੱਗ ਰਿਹਾ ਹੈ ਪਰ ਉਹ ਜਲਦ ਹੀ ਸਿਹਤਯਾਬ ਹੋ ਜਾਵੇਗੀ।
ਸੋਫੀ ਨੇ ਆਖਿਆ ਕਿ ਘਰ ਵਿੱਚ ਹੀ ਖੁਦ ਨੂੰ ਅਲੱਗ ਥਲੱਗ ਕਰਨਾ ਉਨ੍ਹਾਂ ਕੈਨੇਡੀਅਨ ਪਰਿਵਾਰਾਂ ਦੇ ਮੁਕਾਬਲੇ ਕੁੱਝ ਵੀ ਨਹੀਂ ਹੈ ਜਿਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਹੋਰ ਗੰਭੀਰ ਸਿਹਤ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਆਪਾਂ ਸਾਰੇ ਹੀ ਇਨ੍ਹਾਂ ਹਾਲਾਤ ਦਾ ਰਲ ਕੇ ਸਾਹਮਣਾ ਕਰਾਂਗੇ। ਇਨ੍ਹਾਂ ਤੱਥਾਂ ਨੂੰ ਅੱਗੇ ਸਾਂਝਾ ਕਰੋ ਤੇ ਆਪਣੀ ਸਿਹਤ ਨੂੰ ਗੰਭੀਰਤਾ ਨਾਲ ਲਵੋ।
ਇਸ ਦੌਰਾਨ ਇਹ ਵੀ ਆਖਿਆ ਗਿਆ ਕਿ ਟਰੂਡੋ ਪ੍ਰਧਾਨ ਮੰਤਰੀ ਵਜੋਂ ਆਪਣੀਆਂ ਸੇਵਾਵਾਂ ਜਾਰੀ ਰੱਖਣਗੇ ਤੇ ਸ਼ੱੁਕਰਵਾਰ ਨੂੰ ਦੇਸ਼ ਨੂੰ ਸੰਬੋਧਨ ਕਰਨਗੇ। ਸਿਹਤ ਅਧਿਕਾਰੀ ਹੁਣ ਉਨ੍ਹਾਂ ਲੋਕਾਂ ਦਾ ਪਤਾ ਲਾਉਣ ਦੀ ਕੋਸਿ਼ਸ਼ ਕਰ ਰਹੇ ਹਨ ਜਿਹੜੇ ਗ੍ਰੈਗੌਇਰ ਟਰੂਡੋ ਦੇ ਸੰਪਰਕ ਵਿੱਚ ਆਏ।