ਨੂਰਪੁਰ ਬੇਦੀ, 18 ਸਤੰਬਰ
ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਨੂਰਪੁਰ ਬੇਦੀ ਵਿੱਚ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪ੍ਰਧਾਨ ਮੰਤਰੀ ਆਸ਼ਾ ਯੋਜਨਾ ਚਾਲੂ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਪਿਛੜੀਆਂ ਸ਼੍ਰੇਣੀਆਂ ਦੇ ਕੌਮੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਦੇਣਾ ਮੋਦੀ ਸਰਕਾਰ ਦਾ ਇਤਿਹਾਸਕ ਫੈਸਲਾ ਹੈ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਆਸ਼ਾ ਸਕੀਮ ਤਹਿਤ ਕਿਸਾਨਾਂ ਨੂੰ ਉਸ ਦੀ ਫਸਲ ਦਾ ਐਮਐਸਪੀ ਅਨੁਸਾਰ ਸਹੀ ਮੁੱਲ ਮਿਲੇਗਾ। ਉਨ੍ਹਾਂ ਕਿਹਾ ਕਿ ਜੇ ਕਿਸਾਨ ਨੂੰ ਆਪਣੀ ਫਸਲ ਦਾ ਮੁੱਲ ਕੇਂਦਰ ਸਰਕਾਰ ਵੱਲੋਂ ਤੈਅ ਐਮਐਸਪੀ ਅਨੁਸਾਰ ਨਹੀਂ ਮਿਲਦਾ ਤਾਂ ਕੇਂਦਰ ਸਰਕਾਰ ਉਸ ਦੇ ਖਾਤੇ ਵਿੱਚ ਐਮਐਸਪੀ ਤੋਂ ਘੱਟ ਹੋਈ ਅਦਾਇਗੀ ਜਮ੍ਹਾਂ ਕਰੇਗੀ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਲੰਬੇ ਸਮੇਂ ਤੱਕ ਰਾਜ ਕਰਨ ਵਾਲੀ ਕਾਂਗਰਸ ਸਰਕਾਰ ਨੇ ਅੱਜ ਤੱਕ ਪਛੜੀਆਂ ਸ਼੍ਰੇਣੀਆਂ ਦੇ ਕੌਮੀ ਕਮਿਸ਼ਨ ਨੂੰ ਸੰਵਿਧਾਨਕ ਦਰਜਾ ਨਹੀਂ ਦਿੱਤਾ ਹੈ ਪਰ ਹੁਣ ਮੋਦੀ ਸਰਕਾਰ ਨੇ ਇਹ ਕੰਮ ਕਰਕੇ ਇਤਿਹਾਸਕ ਫੈਸਲਾ ਕੀਤਾ ਹੈ। ਇਸ ਮੌਕੇ ਪ੍ਰੋ. ਚੰਦੂਮਾਜਰਾ ਨੇ ਆਜ਼ਮਪੁਰ ਜ਼ੋਨ ਤੋਂ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਕੇਸਰ ਸਿੰਘ ਮੂਸਾਪੁਰ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਅਤੇ ਉਸ ਨੂੰ ਸਿਰੋਪਾਓ ਦੇ ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਰਪੰਚ ਭਾਰਤ ਭੂਸ਼ਣ ਹੈਪੀ ਆਜ਼ਮਪੁਰ, ਕਰਨੈਲ ਸਿੰਘ ਆਜ਼ਮਪੁਰ, ਮਨੋਹਰ ਲਾਲ ਕਾਂਗੜ, ਮਹਿੰਦਰ ਸਿੰਘ ਕੰਗ ਕੂੰਭੇਵਾਲ, ਸ਼ਿੰਗਾਰਾ ਸਿੰਘ ਕੂੰਭੇਵਾਲ, ਮਾ.ਸੁੱਚਾ ਸਿੰਘ ਮੂਸਾਪੁਰ, ਮਨਦੀਪ ਸਿੰਘ, ਜੋਗਰਾਜ ਕੂੰਭੇਵਾਲ, ਬਲਦੇਵ ਸਿੰਘ ਸਰਪੰਚ ਮੂਸਾਪੁਰ,ਪ੍ਰੇਮ ਸਿੰਘ ਮੂਸਾਪੁਰ ਅਤੇ ਹੋਰ ਆਗੂ ਵੀ ਹਾਜ਼ਰ ਸਨ।