ਵਾਸ਼ਿੰਗਟਨ, ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦਰਮਿਆਨ ਸੈਨੇਟ ਤੋਂ ਹਰੀ ਝੰਡੀ ਮਿਲਣ ਦੇ ਕੁਝ ਘੰਟੇ ਬਾਅਦ ਬ੍ਰੇਟ ਕੈਵਾਨੌਗ (53) ਨੇ ਅਮਰੀਕਾ ਦੀ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ। ਕੈਵਾਨੌਗ ਦੇ ਸਹੁੰ ਚੁੱਕਣ ਸਮਾਗਮ ਦੌਰਾਨ ਵੱਡੀ ਗਿਣਤੀ ਲੋਕ ਕੈਪੀਟੋਲ ਹਿੱਲ ’ਤੇ ਪ੍ਰਦਰਸ਼ਨ ਕਰਦੇ ਰਹੇ। ਕੈਵਾਨੌਗ ਦੀ ਨਿਯੁਕਤੀ ਦੀ ਪੁਸ਼ਟੀ ਸੈਨੇਟ ਵਿੱਚ 50-48 ਵੋਟਾਂ ਦੇ ਫਰਕ ਨਾਲ ਹੋਈ। ਵਿਵਾਦਤ ਉਮੀਦਵਾਰ ਕੈਵਾਨੌਗ ਦੀ ਨਿਯੁਕਤੀ ਨੂੰ ਨਵੰਬਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਰਿਪਬਲੀਕਨ ਲਈ ਵੱਡੀ ਜਿੱਤ ਮੰਨਿਆ ਜਾ ਰਿਹਾ ਹੈ।
ਗੌਰਤਲਬ ਹੈ ਕਿ 1881 ਤੋਂ ਬਾਅਦ ਪਹਿਲੀ ਵਾਰ ਕਿਸੇ ਜੱਜ ਦੀ ਨਿਯੁਕਤੀ ਇੰਨੇ ਘੱਟ ਵੋਟ ਅੰਤਰ ਨਾਲ ਹੋਈ ਹੈ। ਕੈਵਾਨੌਗ ਨੂੰ ਸ਼ਨਿੱਚਰਵਾਰ ਸ਼ਾਮ ਨੂੰ ਅਮਰੀਕੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਜੌਨ ਰਾਬਰਟਸ ਨੇ ਸੁਪਰੀਮ ਕੋਰਟ ਦੇ 114ਵੇਂ ਜੱਜ ਵਜੋਂ ਸਹੁੰ ਚੁਕਾਈ। ਇਸ ਦੌਰਾਨ ਕੈਵਾਨੌਗ ਦੀ ਪਤਨੀ ਐਸ਼ਲੇ ਕੈਵਾਨੌਗ ਨੇ ਹੱਥਾਂ ਵਿੱਚ ਪਰਿਵਾਰ ਦਾ ਬਾਈਬਲ ਫੜਿਆ ਹੋਇਆ ਸੀ। ਸਮਾਗਮ ਵਿੱਚ ਜਸਟਿਸ ਕੈਵਾਨੌਗ ਦੀਆਂ ਦੋਵੇਂ ਧੀਆਂ ਲੀਜ਼ਾ ਤੇ ਮਾਰਗਰੇਟ ਅਤੇ ਉਨ੍ਹਾਂ ਦੇ ਮਾਤਾ ਪਿਤਾ ਹਾਜ਼ਰ ਸਨ। ਕੈਵਾਨੌਗ ਸੁਪਰੀਮ ਕੋਰਟ ਵਿੱਚ ਜਸਟਿਸ ਕੈਨੇਡੀ ਦੀ ਥਾਂ ਲੈਣਗੇ।