ਕੁਆਲਾਲੰਪੁਰ, 28 ਮਈ

ਭਾਰਤੀ ਬੈਡਮਿੰਟਨ ਖਿਡਾਰੀ ਐੱਚਐੱਸ ਪ੍ਰਣੌਇ ਨੇ ਅੱਜ ਇੱਥੇ ਮਲੇਸ਼ੀਆ ਮਾਸ਼ਟਰਜ਼ ਸੁਪਰ 500 ਟੂਰਨਾਮੈਂਟ ਦੇ ਰੋਮਾਂਚਿਕ ਪੁਰਸ਼ ਸਿੰਗਲਜ਼ ਫਾਈਨਲ ਵਿੱਚ ਚੀਨ ਦੇ ਵੈਂਗ ਹੌਂਗ ਯਾਂਗ ਨੂੰ ਤਿੰਨ ਗੇਮਾਂ ਵਿੱਚ ਹਰਾ ਕੇ ਛੇ ਸਾਲਾਂ ਦੇ ਖ਼ਿਤਾਬੀ ਸੋਕੇ ਨੂੰ ਖ਼ਤਮ ਕੀਤਾ ਹੈ। ਮੁਕਾਬਲੇ ਦੌਰਾਨ 30 ਸਾਲ ਦੇ ਭਾਰਤੀ ਖਿਡਾਰੀ ਨੇ ਸ਼ਾਨਦਾਰ ਧੀਰਜ ਰੱਖਿਆ ਅਤੇ 94 ਮਿੰਟ ਤੱਕ ਚੱਲੀ ਜੱਦੋ-ਜਹਿਦ ਵਿੱਚ ਦੁਨੀਆਂ ਦੇ 34ਵੇਂ ਨੰਬਰ ਦੇ ਚੀਨੀ ਖਿਡਾਰੀ ਵੈਂਗ ਹੌਂਗ ਯਾਂਗ ’ਤੇ 21-19, 13-21, 21-18 ਨਾਲ ਜਿੱਤ ਦਰਜ ਕੀਤੀ। ਪ੍ਰਣੌਇ ਨੇ ਪਿਛਲੇ ਸਾਲ ਭਾਰਤ ਦੀ ਥੌਮਸ ਕੱਪ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਹਾਲਾਂਕਿ, ਉਸ ਨੂੰ ਸਾਲ 2017 ਵਿੱਚ ਯੂਐੱਸ ਓਪਨ ਗ੍ਰਾਂ ਪ੍ਰੀ ਗੋਲਡ ਜਿੱਤਣ ਮਗਰੋਂ ਵਿਅਕਤੀਗਤ ਖ਼ਿਤਾਬੀ ਸੋਕਾ ਖ਼ਤਮ ਕਰਨ ਦੀ ਉਡੀਕ ਸੀ।