ਬਾਸੇਲ (ਸਵਿਟਜ਼ਰਲੈਂਡ), 23 ਅਗਸਤ
ਬੀ ਸਾਈ ਪ੍ਰਣੀਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵੀਰਵਾਰ ਨੂੰ ਦੁਨੀਆਂ ਦੇ ਅੱਠਵੇਂ ਨੰਬਰ ਦੇ ਖਿਡਾਰੀ ਐਂਥਨੀ ਸਿਨੀਸੁਕਾ ਗਿਨਟਿੰਗ ਨੂੰ ਹਰਾ ਕੇ ਬੀਡਬਲਿਊਐੱਫ ਵਿਸ਼ਵ ਬੈਡਮਿੰਟਨ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾਈ ਪਰ ਉਸ ਦੇ ਹਮਵਤਨ ਭਾਰਤੀ ਐੱਚਐੱਸ ਪ੍ਰਣਯ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਪ੍ਰਣੀਤ ਨੇ 42 ਮਿੰਟਾਂ ’ਚ ਛੇਵਾਂ ਦਰਜਾ ਪ੍ਰਾਪਤ ਇੰਡੋਨੇਸ਼ੀਆ ਦੇ ਐਂਥਨੀ ਨੂੰ 21-19, 21-13 ਨਾਲ ਹਰਾਇਆ। ਕੁਆਰਟਰ ਫਾਈਨਲ ਵਿੱਚ ਪ੍ਰਣੀਤ ਦਾ ਸਾਹਮਣਾ ਇੰਡੋਨੇਸ਼ੀਆ ਦੇ ਹੀ ਖਿਡਾਰੀ ਏਸ਼ਿਆਈ ਖੇਡਾਂ ਦੇ ਪਿਛਲੇ ਚੈਂਪੀਅਨ ਜੋਨਾਥਨ ਕ੍ਰਿਸਟੀ ਨਾਲ ਹੋ ਸਕਦਾ ਹੈ। ਪ੍ਰਣਯ ਨੇ ਦੁਨੀਆਂ ਦੇ ਨੰਬਰ ਇਕ ਖਿਡਾਰੀ ਕੈਂਤੋ ਮੋਮੋਤਾ ਨੂੰ ਪਹਿਲੇ ਗੇਮ ’ਚ ਸਖ਼ਤ ਟੱਕਰ ਦਿੱਤੀ ਪਰ ਇਸ ਦੇ ਬਾਵਜੂਦ ਜਪਾਨ ਦੇ ਖਿਡਾਰੀ ਨੂੰ 21-19, 21-12 ਨਾਲ ਜਿੱਤ ਦਰਜ ਕਰਨ ਤੋਂ ਨਹੀਂ ਰੋਕ ਸਕਿਆ।