ਮੈਲਬਰਨ, 17 ਜਨਵਰੀ
ਭਾਰਤ ਦਾ ਸਿਖ਼ਰਲੀ ਰੈਂਕਿੰਗ ਦਾ ਸਿੰਗਲਜ਼ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਆਸਟਰੇਲਿਆਈ ਓਪਨ ਦੇ ਮੁੱਖ ਡਰਾਅ ਵਿੱਚ ਜਗ੍ਹਾ ਬਣਾਉਣ ਤੋਂ ਸਿਰਫ਼ ਇਕ ਕਦਮ ਦੂਰ ਹੈ। ਉਸ ਨੇ ਅੱਜ ਕੁਆਲੀਫਾਇਰ ਦੇ ਫਾਈਨਲ ਗੇੜ ’ਚ ਜਗ੍ਹਾ ਬਣਾਈ ਜਦੋਂਕਿ ਹਮਵਤਨ ਸੁਮਿਤ ਨਾਗਲ ਦਾ ਸਫ਼ਰ ਇੱਥੇ ਖ਼ਤਮ ਹੋ ਗਿਆ।
ਵਿਸ਼ਵ ਰੈਂਕਿੰਗ ਵਿੱਚ 122ਵੀਂ ਰੈਂਕਿੰਗ ’ਤੇ ਕਾਬਜ਼ ਪ੍ਰਜਨੇਸ਼ ਨੇ ਇਕ ਘੰਟੇ 22 ਮਿੰਟ ਤੱਕ ਚੱਲੇ ਮੁਕਾਬਲੇ ’ਚ ਜਰਮਨੀ ਦੇ ਯਾਨਿਕ ਹੰਫਮੈਨ ਨੂੰ 1-6, 6-2, 6-1 ਨਾਲ ਮਾਤ ਦਿੱਤੀ। ਕੁਆਲੀਫਾਇਰਜ਼ ਵਿੱਚ ਪ੍ਰਜਨੇਸ਼ ਨੂੰ 17ਵਾਂ ਦਰਜਾ ਮਿਲਿਆ ਸੀ। ਉਹ ਆਖ਼ਰੀ ਗੇੜ ਵਿੱਚ ਲਾਤਿਵੀਆ ਦੇ ਅਰਨੈਸਟ ਗੁਲਬਿਸ ਨਾਲ ਭਿੜੇਗਾ ਜਿਸ ਨੇ ਅਰਜਨਟੀਨਾ ਦੇ ਫੈਡਰਿਕੋ ਕੋਰੀਆ ਨੂੰ ਹਰਾਇਆ। ਇਸ ਭਾਰਤੀ ਨੇ ਸ਼ੁਰੂਆਤੀ ਗੇੜ ’ਚ ਸਥਾਨਕ ਵਾਈਲਡ ਕਾਰਡਧਾਰਕ ਹੈਰੀ ਬੂਰਚਿਓਰ ਨੂੰ 6-2, 6-4 ਨਾਲ ਮਾਤ ਦਿੱਤੀ।
ਇਸ ਤੋਂ ਪਹਿਲਾਂ ਨਾਗਲ ਪੁਰਸ਼ ਸਿੰਗਲਜ਼ ਕੁਆਲੀਫਾਇਰ ਦੇ ਪਹਿਲੇ ਗੇੜ ’ਚ ਸਿੱਧੇ ਸੈੱਟ ਵਿੱਚ ਹਾਰ ਕੇ ਬਾਹਰ ਹੋ ਗਿਆ। ਕੁਆਲੀਫਾਇਰ ਵਿੱਚ 21ਵਾਂ ਦਰਜਾ ਪ੍ਰਾਪਤ ਨਾਗਲ ਨੂੰ ਮਿਸਰ ਦੇ ਮੁਹੰਮਦ ਸਫ਼ਵਾਤ ਨੇ 7-6, 6-2 ਨਾਲ ਹਰਾਇਆ। ਰਾਮਕੁਮਾਰ ਰਾਮਨਾਥਨ ਤੇ ਮਹਿਲਾ ਵਰਗ ਵਿੱਚ ਅੰਕਿਤਾ ਰੈਨਾ ਮੰਗਲਵਾਰ ਨੂੰ ਹੀ ਹਾਰ ਕੇ ਬਾਹਰ ਹੋ ਗਏ ਸਨ।