ਬੰਗਲੂਰੂ, 31 ਅਗਸਤ
ਚੰਦਰਯਾਨ-3 ਮਿਸ਼ਨ ਦੇ ਪ੍ਰਗਯਾਨ ਰੋਵਰ ਨੇ ਅੱਜ ਵਿਕਰਮ ਲੈਂਡਰ ਦੀ ਇਕ ਤਸਵੀਰ ਖਿੱਚੀ ਹੈ। ਰੋਵਰ ’ਤੇ ਲੱਗੇ ਨੈਵੀਗੇਸ਼ਨ ਕੈਮਰੇ ਰਾਹੀਂ ਖਿੱਚੀ ਗਈ ਫੋਟੋ ਇਸਰੋ ਨੇ ਸਾਂਝੀ ਕੀਤੀ ਹੈ। ਚੰਦਰਯਾਨ ਮਿਸ਼ਨ ਲਈ ਇਹ ਕੈਮਰੇ ਇਲੈਕਟਰੋ-ਔਪਟਿਕਸ ਸਿਸਟਮਜ਼ ਲੈਬ ਨੇ ਤਿਆਰ ਕੀਤੇ ਹਨ ਜੋ ਕਿ ਇਸਰੋ ਦੀ ਇਕਾਈ ਹੈ। ਜ਼ਿਕਰਯੋਗ ਹੈ ਕਿ ਲੈਂਡਰ ਤੇ ਰੋਵਰ ਇਕ ‘ਲੂਨਰ ਡੇਅਲਾਈਟ ਪੀਰੀਅਡ’ (ਧਰਤੀ ਦੇ ਕਰੀਬ 14 ਦਿਨਾਂ) ਲਈ ਡਿਜ਼ਾਈਨ ਕੀਤੇ ਗਏ ਹਨ। ਇਸਰੋ ਨੇ ਸੋਸ਼ਲ ਮੀਡੀਆ ਉਤੇ ਫੋਟੋ ਸਾਂਝੀ ਕਰਦਿਆਂ ਲਿਖਿਆ, ‘ਸਮਾਈਲ ਪਲੀਜ਼’, ਪ੍ਰਗਯਾਨ ਰੋਵਰ ਵੱਲੋਂ ਵਿਕਰਮ ਲੈਂਡਰ ਦੀ ਅੱਜ ਸਵੇਰੇ ਖਿੱਚੀ ਗਈ ਤਸਵੀਰ।’ ਇਸ ਤੋਂ ਪਹਿਲਾਂ ਇਸਰੋ ਨੇ ਚੰਦਰਮਾ ਦੀ ਸਤਹਿ ਦੇ ਤਾਪਮਾਨ ਬਾਰੇ ਕੁਝ ਜਾਣਕਾਰੀ ਰਿਲੀਜ਼ ਕੀਤੀ ਸੀ। ਰੋਵਰ ਉਤੇ ਤਾਪਮਾਨ ਮਾਪਣ ਵਾਲੀ ਇਕ ਪਰੋਬ ਫਿਟ ਕੀਤੀ ਗਈ ਹੈ ਜੋ ਕਿ ਧਰਾਤਲ ਦੇ 10 ਸੈਂਟੀਮੀਟਰ ਤੱਕ ਅੰਦਰ ਜਾ ਸਕਦੀ ਹੈ। ਇਸ ਉਤੇ ਸੈਂਸਰ ਵੀ ਲੱਗੇ ਹੋਏ ਹਨ। ਇਸਰੋ ਨੇ ਤਾਪਮਾਨ ਦੀ ਗਿਣਤੀ-ਮਿਣਤੀ ਨਾਲ ਸਬੰਧਤ ਇਕ ਗਰਾਫ ਵੀ ਸਾਂਝਾ ਕੀਤਾ ਸੀ। ਇਸਰੋ ਨੇ ਕਿਹਾ ਕਿ ਚੰਦਰਯਾਨ-3 ਮਿਸ਼ਨ ਦੇ ਦੋ ਮੰਤਵ ਪੂਰੇ ਹੋ ਗਏ ਹਨ ਜਿਨ੍ਹਾਂ ਵਿਚ ਸੌਫਟ ਲੈਂਡਿੰਗ ਤੇ ਰੋਵਰ ਦਾ ਚੰਦ ਉਤੇ ਘੁੰਮਣਾ ਸ਼ਾਮਲ ਸੀ। ਹੁਣ ਵਿਗਿਆਨਕ ਤਜਰਬੇ ਕੀਤੇ ਜਾ ਰਹੇ ਹਨ ਜੋ ਕਿ ਤੀਜਾ ਮੰਤਵ ਹੈ।