ਚੰਡੀਗੜ੍ਹ, 13 ਸਤੰਬਰ 2019: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਦੋਸ਼ ਲਗਾਇਆ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਾਦਲ ਪਰਿਵਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਕੇਂਦਰ ਦੀ ਮੋਦੀ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਆਪਣੇ ਆਪਣੇ ਨਿੱਜੀ ਤੇ ਸਿਆਸੀ ਹਿੱਤਾਂ ਲਈ ਹਲਕੀ ਸਿਆਸਤ ਕਰ ਰਹੇ ਹਨ।
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਦੁਆਬੇ ਨਾਲ ਸੰਬੰਧਿਤ ਗੜ੍ਹਸ਼ੰਕਰ ਤੋਂ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਨੂੰ ਮਨਾਉਣ ਲਈ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਬਾਦਲ ਪਰਿਵਾਰ ਦੀ ਸਰਪ੍ਰਸਤੀ ਵਾਲੀ ਐਸਜੀਪੀਸੀ ਜਿਸ ‘ਚੌਧਰ’ ਦੀ ਲੜਾਈ ਲੜ ਰਹੇ ਹਨ ਅਤੇ ਇੱਕ-ਦੂਜੇ ਵਿਰੁੱਧ ਮੇਹਣੋ-ਮੇਹਣੀ ਹੋ ਰਹੇ ਹਨ, ਇਸ ਨਾਲ ਦੁਨੀਆ ਭਰ ਵੱਸਦੀ ‘ਨਾਨਕ ਨਾਮ ਲੇਵਾ ਸੰਗਤ’ ਪੰਜਾਬੀਅਤ ਅਤੇ ਪੰਥਕ ਪਰੰਪਰਾਵਾਂ ਅਤੇ ਮਰਿਆਦਾ ਨੂੰ ਠੇਸ ਪਹੁੰਚ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਬਾਦਲ ਪਰਿਵਾਰ ‘ਤੇ ਸ਼੍ਰੋਮਣੀ ਕਮੇਟੀ ਨੂੰ ‘ਪੰਥਕ ਹਥਿਆਰ’ ਵਾਂਗ ਵਰਤਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਚੌਧਰ’ ਦੀ ਇਸ ਲੜਾਈ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਨੂੰ ਵੀ ਢਾਹ ਲੱਗ ਰਹੀ ਹੈ। ਇਨ੍ਹਾਂ ਹੀ ਨਹੀਂ ਇਨ੍ਹਾਂ ਦਾ ‘ਹਉਮੈਂ’ ਭਰਿਆ ਵਤੀਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਸ਼ਵ-ਵਿਆਪੀ ਸੁਨੇਹੇ ਦਾ ਅਪਮਾਨ ਕਰ ਰਿਹਾ ਹੈ। ਚੀਮਾ ਨੇ ਕਿਹਾ ਕਿ ਸ਼ਾਇਦ ਇਹ ਦੋਵੇਂ ਧਿਰਾਂ ਭੁੱਲ ਗਈਆਂ ਹਨ ਕਿ ਪੂਰੀ ਦੁਨੀਆ ਦੀ ਨਜ਼ਰ ਇਸ ਸਮੇਂ ਪੰਜਾਬ ‘ਤੇ ਹੈ ਅਤੇ ਇਤਿਹਾਸ ਦੇ ਪੰਨਿਆਂ ‘ਤੇ ਇਨ੍ਹਾਂ ਕੈਪਟਨ ਅਤੇ ਬਾਦਲਾਂ ਦਾ ਨਾਮ ਇੱਕ ਕਾਲੇ ਧੱਬੇ ਦੀ ਤਰ੍ਹਾਂ ਦਰਜ ਹੋਵੇਗਾ।
ਚੀਮਾ ਨੇ ਕੈਪਟਨ ਸਰਕਾਰ, ਸ਼੍ਰੋਮਣੀ ਕਮੇਟੀ ਅਤੇ ਹੋਰ ਸਾਰੀਆਂ ਸਿਆਸੀ ਅਤੇ ਧਾਰਮਿਕ-ਸਮਾਜਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਕਾਸ਼ ਪੁਰਬ ਦੇ ਪਵਿੱਤਰ ਜਸ਼ਨਾਂ ਨੂੰ ਇੱਕ ਮੰਚ ‘ਤੇ ਇੱਕਜੁੱਟ, ਇਕਸੁਰ ਅਤੇ ਇੱਕਮਤ ਹੋ ਕੇ ਮਨਾਉਣ ਦੀ ਅਪੀਲ ਕੀਤੀ ਤਾਂ ਕਿ ਪੂਰੀ ਦੁਨੀਆ ਤੱਕ ‘ਬਾਬੇ ਨਾਨਕ’ ਅਤੇ ‘ਸਰਬੱਤ ਦੇ ਭਲੇ’ ਵਾਲੇ ਸਾਰਥਿਕ ਸੰਦੇਸ਼ਾਂ ਨੂੰ ਸਫਲਤਾ ਪੂਰਵਕ ਪਹੁੰਚਾਇਆ ਜਾ ਸਕੇ।
ਕੁਲਦੀਪ ਸਿੰਘ ਧਾਲੀਵਾਲ ਅਤੇ ਜੈ ਕ੍ਰਿਸ਼ਨ ਸਿੰਘ ਰੋੜੀ ਅਤੇ ਕੁਲਦੀਪ ਸਿੰਘ ਧਾਲੀਵਾਲ ਨੇ ਮੋਦੀ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਇੱਕ ਪੈਸਾ ਵੀ ਜਾਰੀ ਨਹੀਂ ਕੀਤਾ ਜਦਕਿ ‘ਆਪ’ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸੰਸਦ ‘ਚ ਇਹ ਮੰਗ ਉਠਾਉਂਦਿਆਂ ਘੱਟੋ-ਘੱਟ 550 ਕਰੋੜ ਰੁਪਏ ਦੀ ਮੰਗ ਉਠਾਈ ਸੀ, ਪਰੰਤੂ ਮੋਦੀ ਸਰਕਾਰ ਨੇ ਦੜ ਹੀ ਵੱਟ ਲਈ। ‘ਆਪ’ ਆਗੂਆਂ ਨੇ ਕੇਂਦਰੀ ਮੰਤਰੀ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਇਸ ਇਤਿਹਾਸਕ ਮੌਕੇ ‘ਤੇ ਉਹ ਆਪਣੀ ਮੋਦੀ ਸਰਕਾਰ ਤੋਂ 550 ਕਰੋੜ ਰੁਪਏ ਵੀ ਜਾਰੀ ਨਹੀਂ ਕਰਵਾ ਸਕਦੇ?
‘ਆਪ’ ਆਗੂਆਂ ਨੇ ਕਰਤਾਰਪੁਰ ਲਾਂਘੇ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ‘ਕਰਮ ਭੂਮੀ’ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਵੱਲੋਂ ਨਿਰਧਾਰਿਤ ਕੀਤੀ 20 ਡਾਲਰ ਫ਼ੀਸ ਦਾ ਤਿੱਖਾ ਵਿਰੋਧ ਕਰਦੇ ਹੋਏ ਕਿਹਾ ਕਿ ਭਾਰਤ ਸਰਕਾਰ ਆਪਣੇ ਕੂਟਨੀਤਕ ਦਬਾਅ ਨਾਲ ਪਾਕਿਸਤਾਨ ਸਰਕਾਰ ਤੋਂ ‘ਐਂਟਰੀ ਫ਼ੀਸ’ ਦਾ ਫ਼ੈਸਲਾ ਵਾਪਸ ਕਰਵਾਏ।