ਸ੍ਰੀ ਅਨੰਦਪੁਰ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਦੀਵਾਨ ਹਾਲ ਵਿਖੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਮੇਲਨ ਕਰਵਾਇਆ ਗਿਆ। ਇਸ ਸੰਮੇਲਨ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਰੱਖਣ ਵਾਲੀਆਂ ਉਦਾਸੀ, ਨਿਰਮਲੇ, ਲਾਮੇ, ਖੋਸਤੀ, ਸੇਵਾ ਪੰਥੀ, ਨਾਨਕਸ਼ਾਹੀ ਸਮਾਜ, ਅਸਾਮੀ, ਸਿੰਧੀ, ਸਤਿਨਾਮੀਏ, ਮਰਦਾਨੇਕੇ, ਸਿਕਲੀਗਰ, ਵਣਜਾਰੇ ਤੇ ਅਫ਼ਗ਼ਾਨੀ ਸੰਗਤਾਂ ਦੇ ਪ੍ਰਤੀਨਿਧਾਂ ਨੇ ਸ਼ਿਰਕਤ ਕੀਤੀ ਤੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ।
ਇਸ ਦੌਰਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਐਲਾਨ ਕੀਤਾ ਕਿ ਗੁਰੂ ਨਾਨਕ ਨਾਮ ਲੇਵਾ ਭਾਈਚਾਰੇ ਲਈ ਸ਼੍ਰੋਮਣੀ ਕਮੇਟੀ ਵੱਖਰਾ ਵਿਭਾਗ ਸਥਾਪਤ ਕਰੇਗੀ ਤਾਂ ਜੋ ਇਨ੍ਹਾਂ ਨਾਲ ਲਗਾਤਾਰ ਰਾਬਤਾ ਕਾਇਮ ਰਹਿ ਸਕੇ। ਜਿਸ ਵੀ ਭਾਈਚਾਰੇ ਨੂੰ ਮਦਦ ਦੀ ਲੋੜ ਹੋਵੇਗੀ, ਸ਼੍ਰੋਮਣੀ ਕਮੇਟੀ ਉਸ ਦੀ ਮਦਦ ਕਰੇਗੀ। ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੇ ਸਮਾਜ ਅੰਦਰ ਵੰਡੀਆਂ ਖ਼ਤਮ ਕਰ ਕੇ ਮਨੁੱਖੀ ਏਕਤਾ ਦਾ ਸੁਨੇਹਾ ਦਿੱਤਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਗੁਰੂ ਨਾਨਕ ਨਾਮ ਲੇਵਾ ਸੰਗਤ ਦੀਆਂ ਸਮੱਸਿਆਵਾਂ ਦੇ ਹੱਲ ਲੱਭਣੇ ਚਾਹੀਦੇ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਗੁਰੂ ਨਾਨਕ ਦੇਵ ਨੂੰ ਮੰਨਣ ਵਾਲਿਆਂ ਦੇ ਇਤਿਹਾਸ ਤੇ ਪਰੰਪਰਾ ਨੂੰ ਸਾਂਝਾ ਕੀਤਾ। ਸਟੇਜ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਨਿਭਾਈ।
ਇਸ ਮੌਕੇ ਪੁੱਜੇ ਗੁਰੂ ਨਾਨਕ ਨਾਮ ਲੇਵਾ ਭਾਈਚਾਰਿਆਂ ਦੇ ਪ੍ਰਤੀਨਿਧਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਦਿੱਤੇ ਮਾਣ-ਸਤਿਕਾਰ ਲਈ ਧੰਨਵਾਦ ਕੀਤਾ। ਅਫ਼ਗ਼ਾਨੀ ਸਿੱਖਾਂ ਦੇ ਪ੍ਰਤੀਨਿਧ ਹੀਰਾ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਥਾਪੜਾ ਵਿਸ਼ਵ ’ਚ ਵੱਸਦੇ ਹਰ ਗੁਰੂ ਨਾਨਕ ਨਾਮ ਲੇਵਾ ਲਈ ਮਾਂ ਦੀ ਗੋਦ ਵਰਗਾ ਹੈ। ਲਾਮਿਆਂ ਦੇ ਪ੍ਰਤੀਨਿਧ ਕਰਮਾ ਜੇਸੀ ਮੈਕਲੋਡਗੰਜ ਨੇ ਕਿਹਾ ਕਿ ਮਾਨਵਤਾ ਦੇ ਸਰੋਕਾਰ ਸਭ ਤੋਂ ਉੱਤਮ ਹਨ ਅਤੇ ਗੁਰੂ ਸਾਹਿਬ ਨੇ ਇਸੇ ਵਿਚਾਰ ਨੂੰ ਪ੍ਰਬਲ ਰੂਪ ਵਿਚ ਉਭਾਰਿਆ। ਸਤਿਨਾਮੀ ਸਮਾਜ ਦੇ ਜਗਦੀਸ਼ ਕੁਰੇ ਨੇ ਕਿਹਾ ਕਿ ਭੀੜ ’ਚ ਗੁਆਚ ਰਹੇ ਭਾਈਚਾਰਿਆਂ ਨੂੰ ਕਲਾਵੇ ’ਚ ਲੈ ਕੇ ਸ਼੍ਰੋਮਣੀ ਕਮੇਟੀ ਨੇ ਆਪਣਾ ਹੋਣ ਦਾ ਅਹਿਸਾਸ ਕਰਵਾਇਆ ਹੈ। ਨਿਰਮਲੇ ਸੰਪ੍ਰਦਾ ਤੋਂ ਬਾਬਾ ਤੇਜਾ ਸਿੰਘ ਖੁੱਡਾ ਕੁਰਾਲਾ ਨੇ ਕਿਹਾ ਕਿ ਗੁਰੂ ਨਾਨਕ ਦੇਵ ਨੂੰ ਮੰਨਣ ਵਾਲਿਆਂ ਦੀ ਖ਼ੁਸ਼ਕਿਸਮਤੀ ਹੈ ਕਿ ਉਨ੍ਹਾਂ ਨੂੰ ਅੰਮ੍ਰਿਤਮਈ ਜੀਵਨਧਾਰਾ ਪ੍ਰਾਪਤ ਹੋਈ ਹੈ।

ਸਿਕਲੀਗਰ ਭਾਈਚਾਰੇ ਨੇ ਸੰਮੇਲਨ ਦਾ ਬਾਈਕਾਟ ਕੀਤਾ
ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਸਿੱਖ ਸੰਮੇਲਨ ਦਾ ਸਿਕਲੀਗਰ ਭਾਈਚਾਰੇ ਨੇ ਚੱਲਦੇ ਸਮਾਗਮ ਦੌਰਾਨ ਬਾਈਕਾਟ ਕਰ ਦਿੱਤਾ। ਸਿੱਖ ਸਿਕਲੀਗਰ ਸੈੱਲ ਪੰਜਾਬ ਦੇ ਪ੍ਰਧਾਨ ਜ਼ਿਲੇ ਸਿੰਘ ਦੀ ਅਗਵਾਈ ਹੇਠ ਸੈਂਕੜੇ ਸਿਕਲੀਗਰਾਂ ਨੇ ਆਖਿਆ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰਾਂ ਲਈ ਬਜਟ ਰਾਖਵਾਂ ਰੱਖਿਆ ਜਾਂਦਾ ਹੈ ਤੇ ਇਸ ਵਰ੍ਹੇ 14 ਕਰੋੜ ਰੁਪਏ ਰੱਖੇ ਗਏ ਹਨ ਪਰ ਉਨ੍ਹਾਂ ਲਈ ਅੱਜ ਤੱਕ ਧੇਲਾ ਨਹੀਂ ਖਰਚਿਆ ਗਿਆ। ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸਿਕਲੀਗਰਾਂ ਦੇ ਭਲੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਕੁਝ ਲੋਕ ਆਪਣੀ ਲੀਡਰੀ ਚਮਕਾਉਣ ਲਈ ਅਜਿਹੀ ਬਿਆਨਬਾਜ਼ੀ ਕਰ ਰਹੇ ਹਨ।