ਵਾਰਸਾ:ਓਲੰਪਿਕ ਲਈ ਕੁਆਲੀਫਾਈ ਕਰ ਚੁੱਕਿਆ ਭਾਰਤੀ ਪਹਿਲਵਾਨ ਦੀਪਕ ਪੂਨੀਆ ਖੱਬੇ ਹੱਥ ’ਤੇ ਲੱਗੀ ਸੱਟ ਕਾਰਨ ਅੱਜ ਪੋਲੈਂਡ ਓਪਨ ਤੋਂ ਉਲਾਂਭੇ ਹੋ ਗਿਆ ਹੈ। ਪੂਨੀਆ ਨੇ 86 ਕਿਲੋ ਵਰਗ ਵਿੱਚ ਚੁਣੌਤੀ ਪੇਸ਼ ਕਰਨੀ ਸੀ ਪਰ ਉਹ ਅਮਰੀਕਾ ਦੇ ਜ਼ਾਹਿਦ ਵੇਲੇਂਸੀਆ ਖ਼ਿਲਾਫ਼ ਕੁਆਰਟਰ ਫਾਈਨਲ ਮੁਕਾਬਲੇ ’ਚੋਂ ਹਟ ਗਿਆ। ਜਾਣਕਾਰੀ ਅਨੁਸਾਰ ਉਸ ਨੂੰ ਵਾਰਸਾ ਰਵਾਨਾ ਹੋਣ ਤੋਂ ਦੋ-ਤਿੰਨ ਪਹਿਲਾਂ ਅਭਿਆਸ ਦੌਰਾਨ ਸੱਟ ਲੱਗੀ ਸੀ। ਭਾਰਤੀ ਟੀਮ ਦੇ ਸੂਤਰ ਨੇ ਦੱਸਿਆ, ‘‘ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਸਮੱਸਿਆ ਹੋਰ ਵਧੇ। ਉਸ ਨੇ ਕੁਸ਼ਤੀ ਫੈਡਰੇਸ਼ਨ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਉੱਥੇ ਪਹੁੰਚਣ ਮਗਰੋਂ ਹੀ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਫ਼ੈਸਲਾ ਕਰੇਗਾ। ਅੱਜ ਸਵੇਰੇ ਉਸ ਨੇ ਨਾ ਖੇਡਣ ਦਾ ਫ਼ੈਸਲਾ ਲਿਆ।’’ ਭਾਰਤੀ ਕੁਸ਼ਤੀ ਫੈਡਰੇਸ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ।