ਵਾਰਸਾ:ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ (53 ਕਿਲੋ ਵਰਗ) ਨੇ ਅੱਜ ਇੱਥੇ ਦੋ ਜਿੱਤਾਂ ਦਰਜ ਕਰ ਕੇ ਪੋਲੈਂਡ ਓਪਨ ਦੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਵਿਨੇਸ਼ ਨੂੰ 2019 ਵਿਸ਼ਵ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜੇਤੂ ਏਕਾਤੇਰੀਨਾ ਪੋਲੇਸ਼ਚੁਕ ਖ਼ਿਲਾਫ਼ ਆਪਣੇ ਸ਼ੁਰੂਆਤੀ ਮੁਕਾਬਲੇ ਵਿੱਚ 6-2 ਨਾਲ ਜਿੱਤ ਹਾਸਲ ਕਰਨ ਲਈ ਸੰਘਰਸ਼ ਕਰਨਾ ਪਿਆ ਪਰ ਅਮਰੀਕਾ ਦੀ ਐਮੀ ਐੱਨ ਫੇਅਰਨਸਾਈਡ ਨੂੰ ਉਸ ਨੇ ਮਹਿਜ਼ 75 ਸੈਕਿੰਡਾਂ ਵਿੱਚ ਹੀ ਚਿੱਤ ਕਰ ਦਿੱਤਾ। ਇਸ ਸਾਲ ਮਾਰਚ ਵਿੱਚ ਮੈਟੀਓ ਪੇਲੀਕੋਨ ਅਤੇ ਅਪਰੈਲ ’ਚ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਸੋਨ ਤਗਮਾ ਜਿੱਤਣ ਵਾਲੀ ਇਹ 26 ਸਾਲਾ ਪਹਿਲਵਾਨ ਲਗਾਤਾਰ ਤੀਸਰੇ ਟੂਰਨਾਮੈਂਟ ਵਿੱਚ ਸੋਨ ਤਗਮਾ ਜਿੱਤ ਸਕਦੀ ਹੈ।