ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਫਰਵਰੀ 2020 ਦੇ ਵਿਚ ਮਾਪਿਆਂ ਲਈ ਵੀਜ਼ਾ ਖੋਲ੍ਹਣ ਦਾ ਕੀਤਾ ਐਲਾਨ
ਔਕਲੈਂਡ/ਸਟਾਰ ਨਿਊਜ਼/(ਹਰਜਿੰਦਰ ਸਿੰਘ ਬਸਿਆਲਾ)- ਨਿਊਜ਼ੀਲੈਂਡ ਇਮੀਗ੍ਰੇਸ਼ਨ ਦੇ ਜਿੱਥੇ ਅੱਜ ਵੱਡੇ ਪੱਧਰ ਉਤੇ ਨਿਯਮ ਬਦਲ ਹੋ ਰਹੇ ਹਨ ਉਥੇ ਇਮੀਗ੍ਰੇਸ਼ਨ ਮੰਤਰੀ ਨੇ ਅੱਜ ਐਲਾਨ ਕੀਤਾ ਹੈ ਕਿ ਫਰਵਰੀ 2020 ਦੇ ਵਿਚ ਮਾਪਿਆਂ ਦੀ ਵੀਜਾ ਸ਼੍ਰੇਣੀ ਮੁੜ ਦੁਬਾਰਾ ਨਵੇਂ ਆਰਥਿਕ ਮਾਪਦੰਢਾਂ ਦੇ ਅਧਾਰ ਉਤੇ ਖੋਲ੍ਹੀ ਜਾਵੇਗੀ। ਆਰਥਿਕ ਮਾਪਦੰਢ ਇਸ ਤਰ੍ਹਾਂ ਹੋਣੇ ਚਾਹੀਦੇ ਹਨ ਜਿਵੇਂ -ਇਕ ਸਪਾਂਸਰ ਨਿਊਜ਼ੀਲੈਂਡ ਵਾਸੀ ਹੋਵੇ ਤਾਂ-ਇਕ ਮਾਤਾ ਜਾਂ ਪਿਤਾ ਨੂੰ ਪੱਕੇ ਤੌਰ ‘ਤੇ ਬੁਲਾਉਣ ਵਾਸਤੇ ਉਸਦੀ ਤਨਖਾਹ 1,06,080 ਡਾਲਰ ਚਾਹੀਦੀ ਹੈ ਜਦ ਕਿ ਪਹਿਲਾਂ ਇਹ 65,000 ਡਾਲਰ ਰੱਖੀ ਗਈ ਸੀ। ਨਿਊਜ਼ੀਲੈਂਡ ‘ਚ ਪ੍ਰਤੀ ਵਿਅਕਤੀ ਔਸਤਨ ਸਲਾਨਾ ਤਨਖਾਹ 53,040 ਡਾਲਰ ਹੈ ਅਤੇ ਇਸ ਹਿਸਾਬ ਨਾਲ ਇਹ ਦੁੱਗਣੀ ਕਰ ਦਿੱਤੀ ਗਈ ਹੈ ਤਾਂ ਇਹ ਇਕ ਵਿਅਕਤੀ ਦੂਜੇ ਵਿਅਕਤੀ ਦਾ ਉਸੇ ਅਨੁਪਾਤ ਵਿਚ ਖਰਚਾ ਚੁੱਕ ਸਕੇ। ਇਸੀ ਤਰ੍ਹਾਂ ਇਕ ਸਪਾਂਸਰ ਹੋਵੇ ਅਤੇ ਉਹ  ਆਪਣੇ ਮਾਤਾ ਪਿਤਾ ਦੋਵਾਂ ਨੂੰ ਇਥੇ ਮੰਗਵਾ  ਰਿਹਾ ਹੋਵੇ ਤਾਂ ਤਨਖਾਹ 159,120 ਡਾਲਰ ਸਲਾਨਾ ਚਾਹੀਦੀ ਹੈ ਜੋ ਕਿ ਔਸਤਨ ਦਾ ਤਿੰਨ ਗੁਣਾ ਹੈ।  ਇਸੀ ਤਰ੍ਹਾਂ ਸਪਾਂਸਰ ਅਤੇ ਉਸਦੇ ਪਾਰਟਨਰ ਵੱਲੋਂ ਇਕ ਮਾਤਾ ਜਾਂ ਪਿਤਾ ਨੂੰ ਮੰਗਵਾਉਣ ਹੋਵੇ ਤਾਂ 159,120 ਡਾਲਰ ਤਨਖਾਹ ਹੋਣੀ ਚਾਹੀਦੀ ਹੈ ਜੋ ਕਿ ਔਸਤਨ ਦਾ ਤਿੰਨ ਗੁਣਾ ਹੈ। ਪਹਿਲਾਂ ਇਹ ਰਕਮ 90,000 ਡਾਲਰ ਸੀ। ਸਪਾਂਸਰ ਅਤੇ ਪਾਰਟਨਰ ਵੱਲੋਂ ਮਾਤਾ-ਪਿਤਾ ਦੋਵਾਂ ਲਈ ਤਨਖਾਹ 2,12,160 ਡਾਲਰ ਨਿਰਧਾਰਤ ਕਰ ਦਿੱਤੀ ਗਈ ਹੈ, ਜੋ ਕਿ ਔਸਤਨ ਦਾ ਚਾਰ ਗੁਣਾ ਹੈ। ।
ਐਕਸਪ੍ਰੈਸ਼ਨ ਆਫ ਇੰਟਰਸਟ (ਈ ਓ ਆਈ) ਹੁਣ ਲੈਣੇ ਬੰਦ ਕਰ ਦਿੱਤੇ ਹਨ ਅਤੇ ਇਹ ਦੁਬਾਰਾ ਨਵਾਂ ਵੀਜ਼ਾ ਖੁੱਲ੍ਹਣ ਉਤੇ ਲਏ ਜਾਣਗੇ ਅਤੇ ਮਈ ਦੇ ਵਿਚ ਅਰਜ਼ੀਆਂ ਦੀ ਚੋਣ ਹੋਵੇਗੀ। ਬਹੁਤ ਸਾਰੇ ਲੋਕ ਜੋ ਮਾਪਿਆਂ ਨੂੰ ਮੰਗਵਾਉਣ ਦੇ ਯੋਗ ਨਹੀਂ ਹੋਣਗੇ ਉਨ੍ਹਾਂ ਵੱਲੋਂ ਈ ਓ ਆਈ ਦੀ ਜਮ੍ਹਾ ਕਰਵਾਈ ਫੀਸ ਵਾਪਿਸ ਕਰ ਦਿਤੀ ਜਾਵੇਗੀ। ਜਿਨ੍ਹਾਂ ਅਰਜ਼ੀਆਂ ਦੇ ਉਤੇ ਪਹਿਲਾਂ ਹੀ ਕਾਰਵਾਈ ਚੱਲ ਰਹੀ ਹੈ ਉਨ੍ਹਾਂ ਨੂੰ ਕੋਈ ਫਰਕ ਨਹੀਂ ਪਵੇਗਾ। ਹੁਣ ਸਾਲ ਦੇ ਵਿਚ 1000 ਵੀਜ਼ਾ ਦਿੱਤਾ ਜਾਇਆ ਕਰੇਗਾ। ਗਾਰੰਟੀਸ਼ੁਧਾ ਉਮਰ ਭਰ ਆਮਦਨ ਅਤੇ ਸੈਟਲਮੈਂਟ ਫੰਡ ਵਾਲੀ ਸ਼੍ਰੇਣੀ ਬੰਦ ਕਰ ਦਿੱਤੀ ਗਈ ਹੈ। ਸੋ ਸਿੱਧਾ-ਸਿੱਧਾ ਇਮੀਗ੍ਰੇਸ਼ਨ ਦਾ ਮਤਲਬ ਹੈ ਕਿ ਪੈਸੇ ਵਿਖਾਓ-ਮਾਂ-ਪਿਓ ਲਿਆਓ ਵਰਨਾ ਤੁਸੀਂ ਆਪਣੇ ਘਰ ਚੰਗੇ ਅਸੀਂ ਆਪਣੇ।