ਕੰਪਾਲਾ:ਭਾਰਤ ਦੇ ਪੈਰਾ ਬੈਡਮਿੰਟਨ ਖਿਡਾਰੀ ਸੁਕਾਂਤ ਕਦਮ ਨੇ ਯੂਗਾਂਡਾ ਪੈਰਾ ਬੈਡਮਿੰਟਨ ਕੌਮਾਂਤਰੀ ਟੂਰਨਾਮੈਂਟ ਵਿਚ ਅੱਜ ਸੋਨ ਤਗ਼ਮਾ ਹਾਸਲ ਕੀਤਾ ਜਦਕਿ ਉਨ੍ਹਾਂ ਦੇ ਹਮਵਤਨ ਪ੍ਰਮੋਦ ਭਗਤ ਦੇ ਹਿੱਸੇ ਤਿੰਨ ਚਾਂਦੀ ਦੇ ਤਗ਼ਮੇ ਆਏ। ਸੁਕਾਂਤ ਨੇ ਦੋ ਸਾਲ ਬਾਅਦ ਕਿਸੇ ਕੌਮਾਂਤਰੀ ਟੂਰਨਾਮੈਂਟ ਵਿਚ ਸੋਨ ਤਗ਼ਮਾ ਹਾਸਲ ਕੀਤਾ ਹੈ। ਵਿਸ਼ਵ ਦਰਜਾਬੰਦੀ ਵਿਚ ਪੰਜਵੇਂ ਸਥਾਨ ਉਤੇ ਕਾਬਜ਼ ਇਸ ਭਾਰਤੀ ਖਿਡਾਰੀ ਨੇ ‘ਐੱਸਐਲ4 ਵਰਗ’ ਦੇ ਮੈਚ ਵਿਚ ਹਮਵਤਨ ਨਿਲੇਸ਼ ਬਾਲੂ ਗਾਇਕਵਾੜ ਨੂੰ 38 ਮਿੰਟ ਚੱਲੇ ਮੁਕਾਬਲੇ ਵਿਚ 21-16, 17-21, 21-10 ਨਾਲ ਹਰਾਇਆ। ਇਸ ਜਿੱਤ ਤੋਂ ਬਾਅਦ ਕਦਮ ਨੇ ਕਿਹਾ ‘ਇਹ ਇਕ ਚੰਗਾ ਮੈਚ ਸੀ ਤੇ ਦੋ ਸਾਲ ਬਾਅਦ ਸੋਨ ਤਗ਼ਮਾ ਜਿੱਤਣਾ ਪ੍ਰੇਰਿਤ ਕਰੇਗਾ’। ਵਿਸ਼ਵ ਦਰਜਾਬੰਦੀ ਵਿਚ ਸਿਖ਼ਰ ਉਤੇ ਕਾਬਜ਼ ਭਗਤ ਲਈ ਇਹ ਚੰਗਾ ਦਿਨ ਨਹੀਂ ਸੀ। ਟੋਕੀਓ ਪੈਰਾਲੰਪਿਕ ਵਿਚ ਸੋਨ ਤਗਮਾ ਜਿੱਤਣ ਵਾਲੇ ਇਸ ਖਿਡਾਰੀ ਨੂੰ ਆਪਣੇ ਤਿੰਨ ਫਾਈਨਲਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਚਾਂਦੀ ਦੇ ਤਗ਼ਮਿਆਂ ਨਾਲ ਸਬਰ ਕਰਨਾ ਪਿਆ।